:

ਕਿਸਾਨ ਅੰਦੋਲਨ 'ਚ 7ਵੀਂ ਮੌਤ....ਖਨੌਰੀ ਬਾਰਡਰ 'ਤੇ ਡਟੇ ਕਿਸਾਨ ਕਰਨੈਲ ਸਿੰਘ ਨੇ ਦਮ ਤੋੜਿਆwww.samacharpunjab.com


ਖਨੌਰੀ ਸਰਹੱਦ 'ਤੇ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜੇਰੇ ਇਲਾਜ ਕਿਸਾਨ ਨੇ ਲੰਘੀ ਰਾਤ ਦਮ ਤੋੜ ਦਿੱਤਾ। ਉਸ ਦੀ ਪਛਾਣ 62 ਸਾਲਾ ਕਰਨੈਲ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਅਰਨੌ ਜ਼ਿਲ੍ਹਾ ਪਟਿਆਲਾ ਵਜੋਂ ਹੋਈ।ਹਾਸਲ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਖਨੌਰੀ ਬਾਰਡਰ ‘ਤੇ ਹਰਿਆਣਾ ਪੁਲਿਸ ਵੱਲੋਂ ਸੁੱਟੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਕਿਸਾਨ ਕਰਨੈਲ ਸਿੰਘ ਦੀ ਤਬੀਅਤ ਖਰਾਬ ਹੋ ਗਈ ਸੀ। ਉਸ ਨੂੰ ਪਹਿਲਾਂ ਪਾਤੜਾਂ ਵਿਖੇ ਦਾਖਲ ਕਰਾਇਆ ਗਿਆ ਪਰ ਉੱਥੇ ਹਾਲਤ ਵਿਗੜਨ ਤੋਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਸੀ। ਇੱਥੇ ਲੰਘੀ ਅੱਧੀ ਰਾਤ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਇਸ ਕਿਸਾਨ ਸੰਘਰਸ਼ ਦੌਰਾਨ ਮੌਤ ਦੇ ਮੂੰਹ ਜਾਣ ਵਾਲੇ ਕਿਸਾਨਾਂ ਦੀ ਗਿਣਤੀ 7 ਹੋ ਗਈ ਹੈ।ਕਿਸਾਨ ਲੀਡਰਾਂ ਮੁਤਾਬਕ ਸ਼ੁਭਕਰਨ ਸਿੰਘ ਵਾਸੀ ਬਠਿੰਡਾ ਦੀ ਮੌਤ ਸਿਰ ‘ਚ ਗੋਲੀ ਲੱਗਣ ਕਾਰਨ ਹੋਈ ਸੀ। ਗੁਰਜੰਟ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਹਾਦਸੇ ਵਿੱਚ ਹਲਾਕ ਹੋਇਆ ਸੀ। ਇਨ੍ਹਾਂ ਤੋਂ ਇਲਾਵਾ ਤਬੀਅਤ ਵਿਗੜਨ ਕਾਰਨ ਮਰਨ ਵਾਲਿਆਂ ਵਿੱਚ ਗਿਆਨ ਸਿੰਘ, ਨਰਿੰਦਰਪਾਲ ਬਠੋਈ, ਮਨਜੀਤ ਸਿੰਘ ਤੇ ਦਰਸ਼ਨ ਸਿੰਘ ਸ਼ਾਮਲ ਹਨ।ਦੱਸ ਦਈਏ ਕਿ 15 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਇਹ 7ਵੀਂ ਮੌਤ ਹੈ। ਪੰਜਾਬ ਦੇ ਕਿਸਾਨ 15 ਦਿਨ ਤੋਂ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰਾਂ 'ਤੇ ਡਟੇ ਹੋਏ ਹਨ। ਬੇਸ਼ੱਕ ਕਿਸਾਨਾਂ ਨੇ ਦਿੱਲੀ ਕੂਚ 29 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ ਪਰ ਦੋਵਾਂ ਥਾਵਾਂ ਉਪਰ ਵੱਡੀ ਗਿਣਤੀ ਕਿਸਾਨ ਧਰਨਾ ਲਾਈ ਬੈਠੇ ਹਨ। ਹੁਣ ਕਿਸਾਨ 28 ਫਰਵਰੀ ਨੂੰ ਅਗਲੀ ਰਣਨੀਤੀ ਦਾ ਐਲਾਨ ਕਰਨਗੇ।ਹਾਸਲ ਜਾਣਕਾਰੀ ਮੁਤਾਬਕ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅੱਜ ਰਾਸ਼ਟਰੀ ਪੱਧਰ ਦੀ ਮੀਟਿੰਗ ਕਰਨਗੇ। ਇਸ ਵਿੱਚ ਦਿੱਲੀ ਮਾਰਚ ਬਾਰੇ ਚਰਚਾ ਕੀਤੀ ਜਾਵੇਗੀ। ਦਿੱਲੀ ਮਾਰਚ ਬਾਰੇ ਅੰਤਿਮ ਫੈਸਲਾ 28 ਫਰਵਰੀ ਨੂੰ ਲਿਆ ਜਾਵੇਗਾ।ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਸਰਵਨ ਪੰਧੇਰ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੇ ਕੁਝ ਅਧਿਕਾਰੀ ਕਹਿ ਰਹੇ ਹਨ ਕਿ ਹਰਿਆਣਾ ਪੁਲਿਸ ਖਿਲਾਫ ਐਫਆਈਆਰ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਟੁੱਟੀ ਹੈ ਪਰ, ਅਜਿਹਾ ਨਹੀਂ ਹੈ। ਅਸਲ ਵਿੱਚ ਠੇਕਾ ਅਧਾਰਤ ਖੇਤੀ ਦੇ ਪ੍ਰਸਤਾਵ ਕਰਕੇ ਗੱਲਬਾਤ ਟੁੱਟੀ ਹੈ। ਅਸੀਂ ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਾਂ। ਇਸ ਕਾਰਨ ਗੱਲਬਾਤ ਵਿੱਚ ਅੜਿੱਕਾ ਪੈਦਾ ਹੋਇਆ ਹੈ।

#farmer

#farmerprotest

#samacharpunjab