:

ਇਨਕਲਾਬੀ ਕੇਂਦਰ, ਪੰਜਾਬ ਦਾ ਵਫ਼ਦ ਐਸਡੀਐਮ ਬਰਨਾਲਾ ਨੂੰ ਮਿਲਿਆwww.samacharpunjab.com


ਇਨਕਲਾਬੀ ਕੇਂਦਰ, ਪੰਜਾਬ ਦਾ ਵਫ਼ਦ ਐਸਡੀਐਮ ਬਰਨਾਲਾ ਨੂੰ ਮਿਲਿਆ

ਬਰਨਾਲਾ 27 ਫਰਬਰੀ
ਇਨਕਲਾਬੀ ਕੇਂਦਰ, ਪੰਜਾਬ ਦੇ ਵਫਦ ਨੇ ਬਰਨਾਲਾ ਵਿਖੇ ਨਵੇਂ ਤੈਨਾਤ ਹੋਏ ਐਸਡੀਐਮ ਵਰਿੰਦਰ ਸਿੰਘ ਨਾਲ ਡਾ ਰਜਿੰਦਰ ਪਾਲ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਮੁਲਾਕਾਤ ਕੀਤੀ। ਇਸ ਸਮੇਂ ਵਫ਼ਦ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਹਰਚਰਨ ਚਹਿਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਰਹੇ। ਮੁਲਾਕਾਤ ਕਰਨ ਉਪਰੰਤ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਸਕੱਤਰ ਖੁਸਮੰਦਰ ਪਾਲ ਨੇ ਦੱਸਿਆ ਕਿ ਐਸਡੀਐਮ ਬਰਨਾਲਾ ਨਾਲ ਲੰਮੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਦੋ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਸੇਖਾ ਰੋਡ ਉੱਪਰ ਰਿਹਾਇਸ਼ੀ ਵਸੋਂ ਵਿੱਚ ਅਣ-ਅਧਿਕਾਰਤ ਤੌਰ 'ਤੇ ਮਿਉਂਸਪਲ ਕਮੇਟੀ ਦੀ ਮਿਲੀਭੁਗਤ ਨਾਲ ਉਸਾਰੇ ਗਏ ਗੁਦਾਮਾਂ ਦਾ ਮਸਲਾ ਧਿਆਨ ਵਿੱਚ ਲਿਆਕੇ ਇਸ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ। ਇਸੇ ਹੀ ਤਰ੍ਹਾਂ ਕਚਿਹਰੀ ਚੌਂਕ ਅਤੇ ਰੇਲਵੇ ਫਾਟਕ ਉੱਪਰ ਬਣੇ ਓਵਰਬ੍ਰਿਜ ਦੀ ਉਸਾਰੀ ਸਮੇਂ ਸ਼ਹਿਰ ਤੋਂ ਖੁੱਡੀ ਕਲਾਂ ਵੱਲ ਜਾਣ ਵਾਲੇ ਲੋਕਾਂ ਲਈ ਰਸਤਾ ਨਾਂ ਛੱਡਣ ਕਰਕੇ ਦਾਣਾ ਮੰਡੀ ਵਾਲੇ ਪਾਸੇ ਰੋਜ਼ਾਨਾ ਹੋ ਰਹੇ ਹਾਦਸਿਆਂ ਦਾ ਮਸਲਾ ਧਿਆਨ ਵਿੱਚ ਲਿਆਂਦਾ। ਯਾਦ ਰਹੇ ਕਿ ਇਨ੍ਹਾਂ ਦੋਵੇਂ ਮਸਲਿਆਂ ਨੂੰ ਲੈਕੇ ਇਨਕਲਾਬੀ ਕੇਂਦਰ ਪੰਜਾਬ, ਜਨਤਕ ਜਮਹੂਰੀ ਜਥੇਬੰਦੀਆਂ ਨੂੰ ਨਾਲ ਲੈਕੇ ਸੰਘਰਸ਼ ਕਰ ਰਿਹਾ ਹੈ। ਗੋਬਿੰਦ ਕਲੋਨੀ, ਸ਼ਕਤੀ ਨਗਰ ਅਤੇ ਖੁੱਡੀਕਲਾਂ ਦੇ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਪੁਲ ਵਾਲਾ ਐਸਟੀਮੇਟ ਪਾਸ ਹੋ ਗਿਆ ਹੈ। ਵਫ਼ਦ ਨੇ ਮੰਗ ਕੀਤੀ ਕੀਤੀ ਕਿਉਂਕਿ ਇਸ ਥਾਂ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਹਨ,ਇਸ ਲਈ ਇਸ ਰੇਲਵੇ ਪੁਲ ਦੇ ਹੇਠਾਂ ਅੰਡਰ ਬ੍ਰਿਜ ਲਈ ਪਹਿਲ ਦੇ ਆਧਾਰ ਤੇ ਫੰਡ ਜਾਰੀ ਕਰਵਾਕੇ ਕੰਮ ਸ਼ੁਰੂ ਕਰਵਾਇਆ ਜਾਵੇ। ਇਸੇ ਹੀ ਤਰ੍ਹਾਂ ਸੇਖਾ ਰੋਡ ਦੇ ਨਿਵਾਸੀਆਂ ਦਾ ਅੰਨ੍ਹੇ ਮੁਨਾਫ਼ੇ ਦੇ ਹੋੜ ਵਿੱਚ ਗਰਸੇ ਕੁੱਝ ਗੁਦਾਮ ਮਾਲਕਾਂ ਨੇ ਜਿਉਣਾ ਦੁੱਭਰ ਕੀਤਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਦੀ ਸ਼ਹਿ 'ਤੇ ਇਨ੍ਹਾਂ ਧਨਾਢ ਵਪਾਰੀਆਂ ਨੇ ਸੰਘਰਸ਼ ਕਮੇਟੀ ਦੀ ਅਗਵਾਈ ਕਰਨ ਵਾਲੇ ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਵੀ ਕਰਵਾ ਦਿੱਤਾ ਹੈ। ਇਸ ਲਈ ਰਿਹਾਇਸ਼ੀ ਵਸੋਂ ਵਿੱਚੋਂ ਇਹ ਅਣ-ਅਧਿਕਾਰਤ ਤੌਰ 'ਤੇ ਉਸਾਰੇ ਇਨ੍ਹਾਂ ਗੁਦਾਮਾਂ ਨੂੰ ਫੌਰੀ ਰੋਕਣ ਦੀ ਮੰਗ ਕੀਤੀ। ਵਫ਼ਦ ਨਾਲ ਗੱਲਬਾਤ ਦੌਰਾਨ ਐਸਡੀਐਮ ਬਰਨਾਲਾ ਵਰਿੰਦਰ ਸਿੰਘ ਨੇ ਫੌਰੀ ਤੌਰ 'ਤੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਵਫ਼ਦ ਵਿੱਚ ਸੁਖਵਿੰਦਰ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਅਤੇ ਰਕੇਸ਼ ਕੁਮਾਰ ਵੀ ਸ਼ਾਮਲ ਸਨ।