ਪੰਜਾਬ ਦੀ ਸ਼ਰਾਬ ਨੀਤੀ ਦਾ ਵੀ ਹੋਏਗਾ ਦਿੱਲੀ ਵਾਲਾ ਹਾਲ? ਹੁਣ ਈਡੀ ਦਾ ਚੰਡੀਗੜ੍ਹ 'ਚ ਵੱਡਾ ਐਕਸ਼ਨwww.samacharpunjab.com
- Admin Default
- 27 Mar, 2024 00:34
ਦਿੱਲੀ ਤੋਂ ਬਾਅਦ ਪੰਜਾਬ ਦੀ ਸ਼ਰਾਬ ਨੀਤੀ ਵੀ ਵਿਵਾਦਾਂ ਵਿੱਚ ਘਿਰ ਸਕਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਚੰਡੀਗੜ੍ਹ 'ਚ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਪੰਜਾਬ ਦੇ ਆਬਕਾਰੀ ਕਮਿਸ਼ਨਰ ਵਰੁਣ ਰੂਜਮ ਦੇ ਘਰ ਛਾਪਾ ਮਾਰਿਆ ਹੈ।ਬੇਸ਼ੱਕ ਕਿਸੇ ਵੀ ਈਡੀ ਅਧਿਕਾਰੀ ਨੇ ਇਸ ਰੇਡ ਦਾ ਕਾਰਨ ਨਹੀਂ ਦੱਸਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੀਆਂ ਤਾਰਾਂ ਵੀ ਦਿੱਲੀ ਸ਼ਰਾਬ ਘੁਟਾਲੇ ਨਾਲ ਜੁੜੀਆਂ ਹੋਈਆਂ ਹਨ ਕਿਉਂਕਿ ਹਾਲ ਹੀ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਤੋਂ ਪੰਜਾਬ ਆਬਕਾਰੀ ਨੀਤੀ ਦੀ ਜਾਂਚ ਈਡੀ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਇਸ ਤੋਂ ਕੁਝ ਦਿਨਾਂ ਮਗਰੋਂ ਹੀ ਈਡੀ ਦੀ ਰੇਡ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ।ਦੱਸ ਦਈਏ ਕਿ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਦੇਸ਼ ਭਰ ਦੀ ਸਿਆਸਤ ਗਰਮਾਈ ਹੋਈ ਹੈ। ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਆਮ ਆਦਮੀ ਪਾਰਟੀ ਦੀ ਕਈ ਲੀਡਰ ਗ੍ਰਿਫਤਾਰ ਕੀਤੇ ਹੋਏ ਹਨ। ਇਸ ਦੌਰਾਨ ਵਿਰੋਧੀ ਪਾਰਟੀਆਂ ਪੰਜਾਬ ਵਿੱਚ ਵੀ ਸ਼ਰਾਬ ਨੀਤੀ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੀਆਂ ਹਨ। ਇਸ ਦੇ ਨਾਲ ਹੀ ਅੱਜ ਈਡੀ ਵੱਲੋਂ ਮੋਹਾਲੀ ਵਿੱਚ ਵੀ ਛਾਪੇਮਾਰੀ ਗਈ ਹੈ। ਇਹ ਰੇਡ ਪ੍ਰਾਪਰਟੀ ਡੀਲਰ ਤੇ ਕਿਸਾਨਾਂ ਦੇ 15 ਟਿਕਾਣਿਆਂ ‘ਤੇ ਕੀਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਹ ਜਾਂਚ ਮੁਹਾਲੀ ਵਿੱਚ ਅਮਰੂਦ ਦੇ ਬਾਗ ਘੁਟਾਲੇ ਸਬੰਧੀ ਕੀਤੀ ਜਾ ਰਹੀ ਹੈ। ਹੁਣ ਤੱਕ ਪੰਜਾਬ ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਸੀ। ਇਹ ਛਾਪੇਮਾਰੀ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ 'ਤੇ ਹੀ ਕੀਤੀ ਜਾ ਰਹੀ ਹੈ।ਹਾਸਲ ਜਾਣਕਾਰੀ ਮੁਤਾਬਕ ਇਹ ਮਾਮਲਾ ਗ੍ਰੇਟਰ ਮੁਹਾਲੀ ਵਿਕਾਸ ਅਥਾਰਟੀ ਵੱਲੋਂ ਏਅਰਪੋਰਟ ਰੋਡ ’ਤੇ ਐਰੋਟ੍ਰੋਪੋਲਿਸ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਨਾਲ ਸਬੰਧਤ ਹੈ। ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਗਮਾਡਾ ਵੱਲੋਂ ਲੈਂਡ ਪੂਲਿੰਗ ਨੀਤੀ ਅਨੁਸਾਰ ਦਿੱਤਾ ਗਿਆ ਸੀ। ਉਸ ਜ਼ਮੀਨ ਵਿੱਚ ਲਗਾਏ ਗਏ ਅਮਰੂਦ ਦੇ ਦਰੱਖਤਾਂ ਦੀ ਕੀਮਤ ਜ਼ਮੀਨ ਤੋਂ ਵੱਖਰੀ ਅਦਾ ਕੀਤੀ ਗਈ ਸੀ।ਦੱਸ ਦਈਏ ਕਿ ਫਲਦਾਰ ਦਰੱਖਤਾਂ ਦੀ ਕੀਮਤ ਬਾਗਬਾਨੀ ਵਿਭਾਗ ਵੱਲੋਂ ਤੈਅ ਕੀਤੀ ਗਈ ਸੀ। ਇਸ ਤੋਂ ਬਾਅਦ, ਭੂਮੀ ਗ੍ਰਹਿਣ ਕੁਲੈਕਟਰ ਨੇ ਫਲਦਾਰ ਰੁੱਖਾਂ ਦੀ ਇੱਕ ਸਰਵੇਖਣ ਸੂਚੀ ਡਾਇਰੈਕਟਰ ਬਾਗਬਾਨੀ ਨੂੰ ਭੇਜੀ ਤੇ ਦਰਖਤਾਂ ਦੀ ਮੁਲਾਂਕਣ ਰਿਪੋਰਟ ਤਿਆਰ ਕੀਤੀ ਸੀ।ਸੂਤਰਾਂ ਮੁਤਾਬਕ ਜ਼ਮੀਨ ਐਕੁਆਇਰ ਹੋਣ ਤੋਂ ਪਹਿਲਾਂ ਕੁਝ ਲੋਕਾਂ ਨੇ ਇੱਥੇ ਅਮਰੂਦ ਦੇ ਬੂਟੇ ਲਾਏ ਸਨ ਪਰ ਗਮਾਡਾ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਉਮਰ 4 ਤੋਂ 5 ਸਾਲ ਦੱਸੀ ਗਈ। ਇਸ ਕਾਰਨ ਉਨ੍ਹਾਂ ਦਾ ਮੁਆਵਜ਼ਾ ਕਾਫੀ ਵਧ ਗਿਆ। ਇਸ ਤਰ੍ਹਾਂ ਕਈ ਲੋਕਾਂ ਨੇ ਗਲਤ ਤਰੀਕੇ ਨਾਲ ਮੁਆਵਜ਼ਾ ਲੈ ਲਿਆ। ਵਿਜੀਲੈਂਸ ਨੇ ਇਸ ਸਬੰਧੀ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਅਦਾਲਤ ਨੇ ਮੁਆਵਜ਼ੇ ਦੀ ਰਕਮ ਵਾਪਸ ਜਮ੍ਹਾਂ ਕਰਵਾ ਕੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ।
#breakingnews
#samacharpunjab
sourceABPnews







