ਮੋਦੀ ਦੀ ਰੈਲੀ ਤੋਂ ਪਹਿਲਾਂ ਸ਼ੰਭੂ ਤੇ ਖਨੌਰੀ ਹੱਦ 'ਤੇ ਡਟੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟwww..samacharpunjab.com
- Admin Default
- 23 May, 2024 02:10
BREAKING NEWS : ਪਟਿਆਲਾ ਵਿੱਚ ਅੱਜ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਇੱਕ ਪਾਸੇ ਪ੍ਰਧਾਨ ਮੇਤਰੀ ਨਰਿੰਦਰ ਮੋਦੀ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਪੰਜਾਬ ਦੀ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ ਤੇ ਦੂਜੇ ਪਾਸੇ ਪਾਸੇ ਪਿਛਲੇ 100 ਦਿਨਾਂ ਤੋਂ ਹਰਿਆਣਾ ਦੀਆਂ ਹੱਦਾਂ ਉਪਰ ਬੈਠੇ ਕਿਸਾਨ ਵੀ ਐਕਸ਼ਨ ਮੋਡ ਵਿੱਚ ਆ ਗਏ ਹਨ। ਹਾਸਲ ਜਾਣਕਾਰੀ ਮੁਤਾਬਕ ਸ਼ੰਭੂ ਤੇ ਖਨੌਰੀ ਹੱਦ ‘ਤੇ ਪ੍ਰਦਰਸ਼ਨ ਕਰ ਰਹੇ ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਹਮਾਇਤ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਾਲੀ ਥਾਂ ਪੋਲੋ ਗਰਾਊਂਡ ਵੱਲ ਆਪਣਾ ਮਾਰਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਦਰਅਸਲ ਮੋਦੀ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਆਪਣੀ ਪਹਿਲੀ ਰੈਲੀ ਕਰਕੇ ਸੂਬੇ ਵਿੱਚ ਪਾਰਟੀ ਦੀ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਧਰ, ਐਸਕੇਐਮ (ਗੈਰ-ਸਿਆਸੀ) ਆਗੂ ਤੇਜਵੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਕਿਸਾਨ ਇਕੱਠੇ ਹੋਣ ਬਾਅਦ ਸ਼ੰਭੂ ਤੇ ਖਨੌਰੀ ਸਰਹੱਦਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਾਲੀ ਥਾਂ ਵੱਲ ਮਾਰਚ ਕਰਨਗੇ। ਕਿਸਾਨ 13 ਫਰਵਰੀ ਤੋਂ ਸ਼ੰਭੂ ਤੇ ਖਨੌਰੀ ਸਰਹੱਦਾਂ ’ਤੇ ਡਟੇ ਹੋਏ ਹਨ। ਸ਼ੰਭੂ ਤੇ ਖਨੌਰੀ ਮੋਰਚੇ ਦੀ ਅਗਵਾਈ ਕਰ ਰਹੇ ਐਸਕੇਐਮ (ਗੈਰ-ਸਿਆਸੀ) ਆਗੂਆਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਮਰਜੀਤ ਸਿੰਘ ਮੋਹਰੀ, ਮਨਜੀਤ ਸਿੰਘ ਰਾਏ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਾਉਣ ਲਈ ਜ਼ੋਰ ਦਿੱਤਾ ਸੀ ਤੇ ਨਾਲ ਹੀ ਕਿਹਾ ਸੀ ਕਿ ਜੇ ਅਜਿਹਾ ਨਾ ਕੀਤਾ ਤਾਂ ਉਹ ਰੈਲੀ ਵਾਲੀ ਥਾਂ ਵੱਲ ਵਧਣਗੇ ਤੇ ਕਾਲੇ ਝੰਡੇ ਦਿਖਾਏ ਜਾਣਗੇ। ਇਸੇ ਦੌਰਾਨ ਬੀਐਸ ਰਾਜੇਵਾਲ, ਡਾਕਟਰ ਦਰਸ਼ਨਪਾਲ ਤੇ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਨੇ ਵੀ ਨਾਭਾ, ਸਰਹਿੰਦ, ਪਾਤੜਾਂ, ਰਾਜਪੁਰਾ ਤੇ ਹੋਰ ਰਸਤਿਆਂ ਰਾਹੀਂ ਪਟਿਆਲਾ ਵਿੱਚ ਦਾਖ਼ਲ ਹੋਣ ਦਾ ਫ਼ੈਸਲਾ ਕੀਤਾ ਹੈ। ਡਾ. ਦਰਸ਼ਨਪਾਲ ਨੇ ਕਿਹਾ, ‘ਜੇਕਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਉਹ ਆਪਣਾ ਰੋਸ ਦਰਜ ਕਰਵਾਉਣ ਲਈ ਸੜਕ ‘ਤੇ ਧਰਨਾ ਦੇਣਗੇ।’ ਬੀਕੇਯੂ-ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਧਰਨਾ ਦੇਣ ਲਈ ਥਾਂ ਦਿੱਤੀ ਗਈ ਹੈ, ਜੋ ਸਮਾਗਮ ਵਾਲੀ ਥਾਂ ਤੋਂ ਕਰੀਬ 5 ਕਿਲੋਮੀਟਰ ਦੂਰ ਹੈ।
#farmeragitation
#punjabnews
#samacharpunjab
sourceABPnews







