ਗੈਂਗਸਟਰਾਂ ਨੇ ਸ਼ਰੇਆਮ ਲਈ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ, ਦੋ ਸਾਲਾਂ ਬਾਅਦ ਵੀ ਨਹੀਂ ਮਿਲਿਆ ਇਨਸਾਫwww.samacharpunjab.com
- Admin Default
- 29 May, 2024 03:33
BREAKING NEWS : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ। ਦੁਨੀਆ ਭਰ ਵਿੱਚ ਮਕਬੂਲ ਗਾਇਕ ਦਾ 29 ਮਈ 2022 ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਤਲ ਕਰ ਦਿੱਤਾ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਚਰਚਾ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਹੋਈ ਸੀ। ਇਸ ਕਤਲ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਉਪਰ ਵੀ ਸਵਾਲ ਖੜ੍ਹੇ ਹੋਏ ਸੀ। ਅਹਿਮ ਗੱਲ ਹੈ ਕਿ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਸ਼ਰੇਆਮ ਲਈ ਸੀ ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ ਨਹੀਂ ਮਿਲਿਆ। ਉਧਰ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਵਿੱਚ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਜ਼ਿੰਮੇਵਾਰਾਂ ਖ਼ਿਲਾਫ਼ ਵੋਟ ਪਾ ਕੇ ਉਨ੍ਹਾਂ ਨੂੰ ਸ਼ਿਕਸਤ ਦਿੱਤੀ ਜਾਵੇ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ’ਚ ਮੇਰਾ ਪੂਰਾ ਧਿਆਨ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਚੁੱਕਣ ’ਚ ਲੱਗਿਆ ਹੋਇਆ ਹੈ। ਕਿਸੇ ਵੀ ਸਿਆਸੀ ਪਾਰਟੀ ਨੇ ਇਸ ਮੁੱਦੇ ਨੂੰ ਚੋਣ ਮੁੱਦਾ ਨਹੀਂ ਬਣਾਇਆ। ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਉਮੀਦਵਾਰਾਂ ਤੋਂ ਇਹ ਅਹਿਦ ਲਵਾਂ ਕਿ ਉਹ ਮੇਰੇ ਪੁੱਤਰ ਦੇ ਕਤਲ ਮਾਮਲੇ ’ਚ ਚੋਣਾਂ ਜਿੱਤਣ ਬਾਅਦ ਕੀ ਕਦਮ ਚੁੱਕਣਗੇ। ਇਸ ਲਈ ਲੋਕ ਸਭਾ ਚੋਣਾਂ ’ਚ ਸਮਰਥਨ ਮੰਗਣ ਆਏ ਉਮੀਦਵਾਰਾਂ ਨੂੰ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਪੁੱਤਰ ਦੇ ਕਤਲ ਸਬੰਧੀ ਅਣਸੁਲਝੇ ਨੌ ਸਵਾਲਾਂ ਵਾਲਾ ਦੋ ਸਫ਼ਿਆਂ ਦਾ ਪੱਤਰ ਸੌਂਪ ਰਹੇ ਹਨ। ਇਸ ਪੱਤਰ ’ਚ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦੇ ਮਾਮਲੇ ’ਚ ਨਿਆਂ ਲਈ ਸੰਸਦ ’ਚ ਆਵਾਜ਼ ਚੁੱਕਣ ਦਾ ਵਾਅਦਾ ਕਰਨ ਦੀ ਮੰਗ ਕੀਤੀ ਹੈ। ਪੰਜਾਬ ’ਚ ਪਹਿਲੀ ਜੂਨ ਨੂੰ ਹੋਣ ਵਾਲੀ ਚੋਣ ਸਬੰਧੀ ਪ੍ਰਚਾਰ ਮੁਹਿੰਮ ਵਜੋਂ ਉਹ ਇਹ ਖਰੜਾ ਸਾਰੇ ਉਮੀਦਵਾਰਾਂ ਨੂੰ ਸੌਂਪ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੀ ਬਰਸੀ ਸਾਦੇ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਦੱਸ ਕੇ ਜਿਥੇ ਇੱਕ ਪਾਸੇ ਆਪਣੀ ਜਾਂਚ ਖਤਮ ਕਰ ਦਿੱਤੀ ਹੈ, ਉਥੇ ਹੀ ਗਾਇਕ ਦੇ ਪਰਿਵਾਰ ਦਾ ਮੰਨਣਾ ਹੈ ਕਿ ਬਿਸ਼ਨੋਈ ਸਿਰਫ ਇੱਕ ਮੋਹਰਾ ਹੈ ਜਦਕਿ ਕਤਲ ਦੀ ਸਾਜ਼ਿਸ਼ ਪਿੱਛੇ ਅਸਲ ’ਚ ਕੋਈ ਹੋਰ ਹੈ। ਕਤਲ ਮਾਮਲੇ ’ਚ ਇੱਕ ਹੋਰ ਸਾਜ਼ਿਸ਼ਘਾੜਾ ਗੋਲਡੀ ਬਰਾੜ ਕੈਨੇਡਾ ਜਾਂ ਅਮਰੀਕਾ ’ਚ ਲੁਕਿਆ ਹੋਇਆ ਹੈ। ਬਲਕੌਰ ਸਿੰਘ ਦਾ ਮੰਨਣਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਅਸਰ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ 23 ਜੂਨ 2022 ਨੂੰ ਹੋਈ ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਹਾਰ ਪਿੱਛੇ ਕਤਲ ਪ੍ਰਤੀ ਲੋਕਾਂ ਦਾ ਗੁੱਸਾ ਵੀ ਇਕ ਕਾਰਨ ਸੀ।
#sidhumoosewaladeath
#punjabnews
#samacharpunjab
sourceABPnews







