ਜਾ ਕੋ ਰਾਖੇ ਸਾਈਆਂ! ਰੇਲੀ ਗੱਡੀ ਹੇਠ ਆਉਣ ਮਗਰੋਂ ਵੀ ਸਹੀ ਸਲਾਮਤ ਔਰਤ www.samacharpunjab.com
- Repoter 11
- 09 Jul, 2024 03:36
BREAKING NEWS : ਕਹਿੰਦੇ ਹਨ ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ। ਇਹ ਵਾਕਿਆ ਨਵੀਂ ਮੁੰਬਈ ਦੇ ਬੇਲਾਪੁਰ ਸਟੇਸ਼ਨ 'ਤੇ ਸੋਮਵਾਰ ਨੂੰ ਵੇਖਣ ਨੂੰ ਮਿਲਿਆ। ਇੱਥੇ ਇੱਕ 50 ਸਾਲਾ ਔਰਤ ਦੀ ਜਾਨ ਚਮਤਕਾਰੀ ਢੰਗ ਨਾਲ ਬਚ ਗਈ। ਉਹ ਪਟੜੀ 'ਤੇ ਡਿੱਗ ਪਈ ਤੇ ਇੱਕ ਰੇਲ ਗੱਡੀ ਉਸ ਦੇ ਉਪਰੋਂ ਲੰਘ ਗਈ ਪਰ ਇਸ ਦੇ ਬਾਵਜੂਦ ਉਹ ਸਹੀ ਸਲਾਮਤ ਉੱਠ ਖੜ੍ਹੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਘਟਨਾ ਦੀ ਵੀਡੀਓ ਵਿੱਚ ਰੇਲ ਗੱਡੀ ਨੂੰ ਬੈਕ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸਾਰੇ ਲੋਕ ਬੜੀ ਹੈਰਾਨੀ ਨਾਲ ਪਟੜੀ ਵੱਲ ਵੇਖ ਰਹੇ ਹਨ। ਫਿਰ ਰੇਲ ਗੱਡੀ ਹੇਠੋਂ ਔਰਤ ਉੱਠ ਖੜ੍ਹੀ ਹੁੰਦੀ ਹੈ। ਉਹ ਟ੍ਰੇਨ ਪਿੱਛੇ ਹੁੰਦੇ ਹੀ ਝਟਕੇ ਨਾਲ ਉੱਠਦੀ ਹੈ ਤੇ ਸਿੱਧੀ ਬੈਠ ਜਾਂਦੀ ਹੈ। ਇਸ ਦੌਰਾਨ ਵਰਦੀ ਵਾਲੇ ਪੁਰਸ਼ ਮਦਦ ਕਰਨ ਲਈ ਉਸ ਵੱਲ ਦੌੜਦੇ ਹਨ। ਰਿਪੋਰਟਾਂ ਮੁਤਾਬਕ ਔਰਤ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ ਪਰ ਉਹ ਬਚ ਗਈ ਖਬਰਾਂ ਮੁਤਾਬਕ ਇਹ ਘਟਨਾ ਬੇਲਾਪੁਰ ਸਟੇਸ਼ਨ 'ਤੇ ਸਵੇਰੇ 10 ਵਜੇ ਵਾਪਰੀ ਜਦੋਂ ਔਰਤ ਠਾਣੇ ਜਾਣ ਵਾਲੀ ਟ੍ਰੇਨ ਦੀ ਉਡੀਕ ਕਰ ਰਹੀ ਸੀ। ਸੋਮਵਾਰ ਨੂੰ ਸ਼ਹਿਰ ਭਰ ਦੀਆਂ ਪਟੜੀਆਂ 'ਤੇ ਪਾਣੀ ਭਰ ਜਾਣ ਕਾਰਨ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ। ਇਸ ਦੌਰਾਨ ਪਲੇਟਫਾਰਮ 'ਤੇ ਭੀੜ ਹੋਣ ਕਾਰਨ ਔਰਤ ਤਿਲਕ ਕੇ ਪਟੜੀ 'ਤੇ ਡਿੱਗ ਗਈ ਤੇ ਟ੍ਰੇਨ ਉਸ ਦੇ ਉਪਰੋਂ ਲੰਘ ਜਾਣ ਕਾਰਨ ਉਸ ਦੀ ਲੱਤ 'ਤੇ ਗੰਭੀਰ ਸੱਟ ਲੱਗ ਗਈ। ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਵਪਨਿਲ ਨੀਲਾ ਨੇ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ, ''ਬੇਲਾਪੁਰ ਸਟੇਸ਼ਨ ਦੇ ਪਲੇਟਫਾਰਮ ਨੰਬਰ ਤਿੰਨ 'ਤੇ ਔਰਤ ਦੀ ਜਾਨ ਬਚਾਉਣ ਲਈ ਪਨਵੇਲ-ਠਾਣੇ ਰੇਲ ਗੱਡੀ ਨੂੰ ਬੈਕ ਕੀਤਾ ਗਿਆ ਤੇ ਬਾਅਦ 'ਚ ਉਸ ਨੂੰ ਹਸਪਤਾਲ 'ਚ ਲਿਜਾਇਆ ਗਿਆ। ਰੇਲਵੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਮੁੰਬਈ ਤੇ ਇਸ ਦੇ ਉਪਨਗਰੀ ਖੇਤਰਾਂ 'ਚ ਸੋਮਵਾਰ ਸਵੇਰੇ ਭਾਰੀ ਮੀਂਹ ਪਿਆ, ਜਿਸ ਨਾਲ ਰੇਲ ਸੇਵਾਵਾਂ 'ਚ ਵਿਘਨ ਪਿਆ। ਪਟੜੀ 'ਚ ਡੁੱਬਣ ਕਾਰਨ ਲੋਕਲ ਟ੍ਰੇਨਾਂ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਪਟੜੀਆਂ 'ਤੇ ਪਾਣੀ ਭਰ ਜਾਣ ਕਾਰਨ ਵਡਾਲਾ ਤੇ ਮਾਨਖੁਰਦ ਸਟੇਸ਼ਨਾਂ ਵਿਚਕਾਰ ਹਾਰਬਰ ਲਾਈਨ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ।
#trainaccident
#samacharpunjab
SourceABPnews