ਬਰਖਾਸਤ AIG ਰਾਜਜੀਤ ਸਿੰਘ ਦੀ ਕਰੋੜਾਂ ਦੀ ਜਾਇਦਾਦ ਹੋਵੇਗੀ ਅਟੈਚ, ਨਸ਼ਾ ਤਸਕਰੀ ਮਾਮਲੇ 'ਚ ਫ਼ਰਾਰ
- Repoter 11
- 02 Feb, 2024 02:46
ਪੰਜਾਬ ਵਿੱਚ ਕਰੋੜਾਂ ਰੁਪਏ ਦੇ ਨਸ਼ਾ ਤਸਕਰੀ ਨਾਲ ਜੁੜੇ ਕੇਸ ਵਿੱਚ ਅਕਤੂਬਰ ਤੋਂ ਫਰਾਰ ਚੱਲ ਰਹੇ ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ ਉੱਤੇ ਸਪੈਸ਼ਲ ਟਾਸਕ ਫੋਰਸ ਨੇ ਸ਼ਿੰਕਜਾ ਕਸ ਦਿੱਤਾ ਹੈ। ਸਪੈਸ਼ਲ ਟਾਸਕ ਫੋਰਸ ਨੇ ਜਾਇਦਾਦ ਅਟੈਚ ਕਰਨ ਦੀ ਤਿਆਰੀ ਕਰ ਲਈ ਹੈ।ਟਾਸਕ ਫੋਰਸ ਨੇ ਰਾਜਜੀਤ ਸਿੰਘ ਦੀਆਂ 9 ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਵਿੱਚ ਉਸ ਦੇ ਮੋਹਾਲੀ ਸਥਿਕ ਘਰ ਤੋਂ ਲੈ ਕੇ ਹੋਰ ਜ਼ਿਲ੍ਹਿਆਂ ਵਿੱਚ ਉਸ ਦੀ ਜਾਇਦਾਦ ਵੀ ਸ਼ਾਮਲ ਹੈ। ਇਸ ਕੰਮ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਫੋਰਸ ਨੇ ਪਹਿਲਾਂ ਹੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਐਸਟੀਐਫ਼ ਵੱਲੋਂ ਇਹ ਕਾਰਵਾਈ NDPS ਐਕਟ ਦੇ ਸੈਕਸ਼ਨ 64 ਤਹਿਤ ਕੀਤੀ ਜਾ ਰਹੀ ਹੈ।ਐਸਟੀਐਫ ਦੀ ਮੰਨੀਏ ਤਾਂ ਬਰਖਾਸਤ ਰਾਜਜੀਤ ਸਿੰਘ ਦੀ ਜੋ ਜਾਇਦਾਦ ਅਟੈਚ ਕੀਤੀ ਜਾਵੇਗੀ ਉਸ ਦੀ ਕੀਮਤ ਚਾਰ ਕਰੋੜ ਤੋਂ ਜ਼ਿਆਦਾ ਹੈ। ਹਾਲਾਂਕਿ ਜਾਇਦਾਦ ਅਟੈਚ ਕਰਨ ਦੀ ਕਾਰਵਾਈ ਕੇਂਦਰੀ ਵਿੱਤ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਅਜਿਹੇ ਵਿੱਚ ਫੋਰਸ ਨੇ ਕੇਸ ਬਣਾ ਕੇ ਉੱਥੇ ਭੇਜਿਆ ਸੀ।ਜ਼ਿਕਰ ਕਰ ਦਈਏ ਕਿ ਮੰਤਰਾਲੇ ਵੱਲੋਂ ਏਆਈਜੀ ਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧ ਵਿੱਚ 31 ਜਨਵਰੀ ਨੂੰ ਨੋਟਿਸ ਜਾਰੀ ਕੀਤਾ ਹੈ। 9 ਫਰਵਰੀ ਨੂੰ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਦਿੱਲੀ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਜਾਇਦਾਦ ਨਾਲ ਜੁੜੇ ਕਾਗਜ਼ ਲਿਆਉਣ ਲਈ ਕਿਹਾ ਹੈ।