ਬਰਨਾਲਾ – 32 ਸਾਲਾਂ ਮੁੰਡੇ ਦੀ ਹੋ ਗਈ ਚਿੱਟੇ ਨਾਲ ਮੌਤ, ਪਰਿਵਾਰ ਦਾ ਦਾਅਵਾ– ਚਿੱਟੇ ਦਾ ਸੇਵਨ ਕਰਦਾ ਸੀ
- Admin Default
- 28 Jul, 2024 09:53
ਬਰਨਾਲਾ – 32 ਸਾਲਾਂ ਮੁੰਡੇ ਦੀ ਹੋ ਗਈ ਚਿੱਟੇ ਨਾਲ ਮੌਤ, ਪਰਿਵਾਰ ਦਾ ਦਾਅਵਾ– ਚਿੱਟੇ ਦਾ ਸੇਵਨ ਕਰਦਾ ਸੀ
ਬਰਨਾਲਾ
ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਪੂਰਨ ਖ਼ਾਤਮੇ ਲਈ ਜਿੱਥੇ ਲਗਾਤਾਰ ਨਸ਼ਾ ਤਸਕਰਾਂ ਖਿਲਾਫ਼ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪਰ ਉੱਥੇ ਅਜੇ ਵੀ ਨਸ਼ਾ ਤਸਕਰ ਪਹਿਲਾਂ ਵਾਂਗ ਨਸ਼ਾ ਵੇਚ ਰਹੇ ਹਨ ਅਤੇ ਨੌਜਵਾਨ ਨਸ਼ੇ ਦੀ ਭੇਂਟ ਚੜ ਰਹੇ ਹਨ। ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸ਼ਹਿਣਾ ਤੋਂ ਵਿਖੇ ਇੱਕ ਨੌਜਵਾਨ ਦੀ ਚਿੱਟੇ ਨਸ਼ੇ ਦੀ ਮੌਤ ਹੋ ਗਈ। ਇਹ ਦਾਵਾ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਕੀਤਾ ਹੈ। ਪਿੰਡ ਸ਼ਹਿਣਾ ਦੇ ਰਹਿਣ ਵਾਲੇ 32 ਸਾਲ ਦਾ ਗੁਰਪ੍ਰੀਤ ਦਾਸ ਪੁੱਤਰ ਖੇਮ ਰਾਜ ਜੋ ਚਿੱਟੇ ਦੀ ਭੇਟ ਚੜ੍ਹ ਗਿਆ। ਮ੍ਰਿਤਕ ਦੇ ਭਰਾ ਰਾਮਦਾਸ ਅਤੇ ਭੈਣ ਅਨੀਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਇੱਕ ਅਤੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਮ੍ਰਿਤਕ ਗੁਰਪ੍ਰੀਤ ਦਾਸ ਆਪਣੀ ਪਤਨੀ 8 ਸਾਲ ਅਤੇ 10 ਮਹੀਨਿਆਂ ਦੀ 2 ਧੀਆਂ ਸਮੇਤ ਆਪਣੀ 80 ਸਾਲ ਦੀ ਬਜ਼ੁਰਗ ਮਾਤਾ ਚਰਨਜੀਤ ਕੌਰ ਨਾਲ ਅਲੱਗ ਘਰ ਵਿੱਚ ਰਹਿ ਰਿਹਾ ਸੀ। ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ 2 ਭੈਣਾਂ ਵਿਆਹੀਆਂ ਜਾ ਚੁੱਕੀਆਂ ਹਨ ਅਤੇ ਵੱਡਾ ਭਰਾ ਵੀ ਪਿੰਡ ਵਿੱਚ ਅਲੱਗ ਰਹਿੰਦਾ ਹੈ।
ਮ੍ਰਿਤਕ ਗੁਰਪ੍ਰੀਤ ਦਾਸ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਭੈੜੀ ਸੰਗਤ ਵਿੱਚ ਪੈ ਗਿਆ। ਪਰਿਵਾਰ ਤੇ 2 ਲੱਖ ਰੁਪਏ ਦੇ ਚੜੇ ਕਰਜ਼ੇ ਕਾਰਨ ਉਹ ਹਮੇਸ਼ਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਹ ਨਸ਼ੇ ਦੀ ਦਲਦਲ ਵਿੱਚ ਇਸ ਤਰ੍ਹਾਂ ਧਸਿਆ ਕੇ ਉਸ ਨੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਹੀ ਘਰ ਵਿੱਚ ਪਿਆ ਘਰੇਲੂ ਵਰਤੋਂ ਵਾਲਾ ਸਮਾਨ (ਪੇਟੀਆਂ,ਅਲਮਾਰੀਆਂ ਐਲ.ਸੀ.ਡੀ) ਵੀ ਵੇਚ ਦਿੱਤਾ। ਪਰਿਵਾਰ ਵੱਲੋਂ ਵਾਰ-ਵਾਰ ਉਸ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਮਝਾਇਆ ਜਾਂਦਾ ਸੀ ਅਤੇ ਇਸ ਦੇ ਭੈੜੇ ਨਤੀਜਿਆਂ ਬਾਰੇ ਵੀ ਜਾਣੂ ਕਰਾਇਆ ਜਾਂਦਾ ਸੀ। ਪਰ ਗੁਰਪ੍ਰੀਤ ਦਾਸ ਚਿੱਟੇ ਦੇ ਨਸ਼ੇ ਦੀ ਦਲਦਲ ਵਿੱਚ ਇਸ ਤਰ੍ਹਾਂ ਧਸਿਆ ਕਿ ਉਸ ਨੂੰ ਅੰਤ ਵਿੱਚ ਆਪਣੀ ਜ਼ਿੰਦਗੀ ਖ਼ਤਮ ਕਰਕੇ ਹੀ ਇਸ ਤੋਂ ਛੁਟਕਾਰਾ ਮਿਲ ਸਕਿਆ। ਉਹਨਾਂ ਕਿਹਾ ਕਿ ਪਰਿਵਾਰ 'ਤੇ ਆਰਥਿਕ ਕਮਜ਼ੋਰੀ ਦੇ ਨਾਲ ਪੀੜਿਤ ਪਰਿਵਾਰ ਤੇ 2 ਲੱਖ ਰੁਪਏ ਦੇ ਕਰੀਬ ਲੋਕਾਂ ਦਾ ਕਰਜ਼ਾ ਵੀ ਸਿਰ ਚੜ੍ਹ ਗਿਆ। ਜਿੱਥੇ ਹੁਣ ਬਾਕੀ ਰਹਿੰਦੇ 2 ਛੋਟੀਆਂ ਬੱਚੀਆਂ ਸਮੇਤ ਉਸਦੀ ਪਤਨੀ ਅਤੇ ਬਿਮਾਰ ਬਜ਼ੁਰਗ ਮਾਤਾ ਦਾ ਕੋਈ ਵੀ ਸਹਾਰੇ ਵਾਲਾ ਬਾਕੀ ਨਹੀਂ ਰਿਹਾ। ਉਹਨਾਂ ਕਿਹਾ ਕਿ ਪਿੰਡ ਵਿੱਚ ਨਸ਼ਾ ਤਸਕਰ ਸ਼ਰੇਆਮ ਚਿੱਟੇ ਦਾ ਨਸ਼ਾ ਵੇਚ ਰਹੇ ਹਨ। ਜਿਸ ਨਾਲ ਕਈ ਘਰ ਬਰਬਾਦ ਹੋ ਰਹੇ ਹਨ। ਉਹਨਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੰਗ ਕਰਦੇ ਕਿਹਾ ਕਿ ਅੱਜ ਉਹਨਾਂ ਦੇ ਪੁੱਤ ਦੀ ਮੌਤ ਚਿੱਟੇ ਦੇ ਨਸ਼ੇ ਕਾਰਨ ਹੋਈ ਹੈ। ਜੇਕਰ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰੇ ਤਾਂ ਅੱਗੇ ਕਿਸੇ ਹੋਰ ਮਾਂ ਦੇ ਪੁੱਤ ਦੀ ਮੌਤ ਚਿੱਟੇ ਦੇ ਨਸ਼ੇ ਕਾਰਨ ਨਾ ਹੋ ਸਕੇ। ਪੀੜਿਤ ਪਰਿਵਾਰ ਨੇ ਜਿੱਥੇ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਉੱਥੇ ਪੰਜਾਬ ਸਰਕਾਰ ਅਤੇ ਵਿਦੇਸ਼ ਬੈਠੇ ਐਨ.ਆਰ.ਆਈਜ਼ ਅਤੇ ਸਮਾਜ ਸੇਵੀਆ ਤੋਂ ਬਾਕੀ ਰਹਿੰਦੇ ਪਰਿਵਾਰ, 2 ਛੋਟੀਆਂ ਬੱਚੀਆਂ ਅਤੇ ਬਜ਼ੁਰਗ ਬਿਮਾਰ ਮਾਂ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਆਰਥਿਕ ਮਦਦ ਦੀ ਗੁਹਾਰ ਲਾਈ ਹੈ।
ਉਥੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।







