Barnala - ਰਾਤ ਨੂੰ ਡਿਊਟੀ ਕਰਦੇ ਪਾਵਰਕੌਮ ਦਾ ਮੁਲਾਜ਼ਮ ਹੋਇਆ ਲੁੱਟ ਦਾ ਸ਼ਿਕਾਰ
- Admin Default
- 27 Aug, 2024 03:53
Barnala - ਰਾਤ ਨੂੰ ਡਿਊਟੀ ਕਰਦੇ ਪਾਵਰਕੌਮ ਦਾ ਮੁਲਾਜ਼ਮ ਹੋਇਆ ਲੁੱਟ ਦਾ ਸ਼ਿਕਾਰ
ਬਰਨਾਲਾ
ਲੰਘੀ ਰਾਤ ਤੇਜ਼ ਹਨੇਰੀ ਅਤੇ ਮੀਂਹ ਕਾਰਨ ਬੰਦ ਹੋਈ ਬਿਜਲੀ ਸਪਲਾਈ ਠੀਕ ਕਰਨ ਆਏ ਪਾਵਰਕੌਮ ਵਿਭਾਗ ਦੇ ਸਹਾਇਕ ਲਾਈਨਮੈਨ ਤੋਂ ਸ੍ਰੀ ਗੁਰੂ ਰਵਿਦਾਸ ਚੌਂਕ ਨੇੜਿਓ ਤਿੰਨ ਅਣਪਛਾਤੇ ਵਿਅਕਤੀ 6 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਟੱਚ ਮੋਬਾਇਲ ਖੋਹ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪਾਵਰਕੌਮ ਵਿਭਾਗ ਦੇ ਸਹਾਇਕ ਲਾਈਨਮੈਨ ਲਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਗਿੱਲ ਨਗਰ ਬਰਨਾਲਾ ਨੇ ਦੱਸਿਆ ਕਿ ਉਹ ਪੰਜਾਬ ਪਾਵਰ ਸਟੇਟ ਕਾਰਪੋਰੇਸ਼ਨ ਲਿਮਿਟਿਡ ਬਰਨਾਲਾ ਵਿਖੇ ਡਿਊਟੀ ਕਰਦਾ ਹੈ, ਕਿ ਲੰਘੀ ਰਾਤ ਤੇਜ਼ ਹਨੇਰੀ ਅਤੇ ਮੀਂਹ ਕਾਰਨ ਧਨੌਲਾ ਰੋਡ ਤੇ ਬਿਜਲੀ ਸਪਲਾਈ ਬੰਦ ਹੋ ਗਈ ਸੀ। ਜਿਸ ਤੋਂ ਬਾਅਦ ਉਹ 4:15 ਵਜੇ ਦੇ ਕਰੀਬ ਸ੍ਰੀ ਗੁਰੂ ਰਵਿਦਾਸ ਚੌਂਕ ਬਰਨਾਲਾ ਪਾਸ 11ਕੇਵੀ ਪਰਵਾਹੀ ਰੋਡ ਸ਼ਹਿਰੀ ਫੀਡਰ ਦੀ ਬਿਜਲੀ ਸਪਲਾਈ ਚਾਲੂ ਕਰਨ ਲਈ ਲਾਈਨ ਨੂੰ ਦਰੁਸਤ ਕਰਨ ਲਈ ਗਿਆ ਸੀ ਤਾਂ ਸੜਕ ਕਿਨਾਰੇ ਮੋਟਰਸਾਇਕਲ ਤੇ ਖੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਹੱਥ ਵਿੱਚੋਂ ਟੱਚ ਮੋਬਾਇਲ ਅਤੇ ਜੇਬ ਵਿੱਚੋਂ 6 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਏ। ਇਸ ਮੌਕੇ ਆਸ ਪਾਸ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ | ਉਨ੍ਹਾਂ ਦੱਸਿਆ ਕਿ ਉਕਤ ਤਿੰਨੋਂ ਅਣਪਛਾਤੇ ਵਿਅਕਤੀ ਮੋਨੇ ਸਨ। ਇਸ ਮੌਕੇ ਪਾਵਰਕੌਮ ਵਿਭਾਗ ਦੇ ਜੇ.ਈ ਜਗਤਾਰ ਸਿੰਘ ਟੀ.ਐਸ.ਯੂ ਦੇ ਆਗੂ ਹਰਭਜਨ ਸਿੰਘ ਸੇਖਾ, ਪ੍ਰਧਾਨ ਜਗਤਾਰ ਸਿੰਘ, ਜਸਪ੍ਰੀਤ ਸਿੰਘ, ਸ਼ਿਆਮ ਲਾਲ ਅਤੇ ਬੇਅੰਤ ਸਿੰਘ ਨੇ ਕਿਹਾ ਕਿ ਰਾਤ ਸਮੇਂ ਪਾਵਰਕੌਮ ਵਿਭਾਗ ਦੇ ਮੁਲਾਜ਼ਮ ਬਿਜਲੀ ਲਾਈਨ ਵਿੱਚ ਨੁਕਸ ਪੈਣ ਕਾਰਨ ਕਈ ਵਾਰ ਮੁਲਾਜ਼ਮ ਰਾਤ ਸਮੇਂ ਬਿਜਲੀ ਸਪਲਾਈ ਠੀਕ ਕਾਰਨ ਜਾਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਪੁਲਿਸ ਨੂੰ ਗਸਤ ਵਧਾਉਂਣੀ ਚਾਹੀਦੀ ਹੈ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਉਹ ਬਿਨਾਂ ਕਿਸੇ ਡਰ ਤੋਂ ਆਪਣਾ ਕੰਮ ਕਰ ਸਕਣ, ਇਸ ਘਟਨਾ ਸਬੰਧੀ ਉਹਨਾਂ ਥਾਣਾ ਸਿਟੀ 2 ਵਿਖੇ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।







