ਜਨਮ ਅਸ਼ਟਮੀ ਦੀ ਰਾਤ ਮੰਦਰ 'ਚ ਵੜੇ ਚੋਰ, ਗੋਲਕ ਕੀਤੀ ਖਾਲੀ
- Admin Default
- 28 Aug, 2024 00:09
ਜਨਮ ਅਸ਼ਟਮੀ ਦੀ ਰਾਤ ਮੰਦਰ 'ਚ ਵੜੇ ਚੋਰ, ਗੋਲਕ ਕੀਤੀ ਖਾਲੀ
ਗੁਰਦਾਸਪੁਰ
ਪੁਲਿਸ ਥਾਣਾ ਕਾਹਨੂੰਵਾਨ ਖੇਤਰ ਅੰਦਰ ਸਰਗਰਮ ਇੱਕ ਚੋਰ ਗਰੋਹ ਵੱਲੋਂ ਬੀਤੀ ਰਾਤ ਇਸ ਖੇਤਰ ਦੇ ਅਧੀਨ ਪੈਂਦੇ ਪਿੰਡ ਚੱਕ ਯਾਕੂਬ ਦੇ ਸ੍ਰੀ ਰਾਮ ਮੰਦਰ ਵਿੱਚ ਧਾਵਾ ਬੋਲਦਿਆ ਹੋਇਆ ਮੰਦਰ ਦੀ ਗੋਲਕ ਦੇ ਵਿੱਚੋਂ ਕੁਝ ਨਕਦੀ ਚੋਰੀ ਕਰ ਲਈ ਗਈ। ਮੰਦਰ ਨੂੰ ਨਿਸ਼ਾਨਾ ਬਣਾਉਣ ਤੋਂ ਇਲਾਵਾ ਇਸ ਗਰੋਹ ਵੱਲੋਂ ਨਜ਼ਦੀਕੀ ਪਿੰਡ ਜਲਾਲਪੁਰ ਅਤੇ ਚਿਬ ਵਿੱਚ ਕੁਝ ਦੁਕਾਨਾਂ ਤੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਇਸੇ ਚੋਰ ਗਰੋਹ ਵੱਲੋਂ ਨਜ਼ਦੀਕੀ ਪਿੰਡ ਕੋਟਲੀ ਰੌਲਾ ਦੇ ਇੱਕ ਘਰ ਵਿੱਚ ਦਾਖਲ ਹੋ ਕੇ ਘਰ ਦੇ ਕੋਠੇ ਉੱਪਰ ਲੱਗੇ ਆਊਟਡੋਰ ਏਸੀ ਦੇ ਯੂਨਿਟ ਨੂੰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ।
ਰਾਮ ਮੰਦਰ ਕਮੇਟੀ ਚੱਕ ਯਕੂਬ ਦੇ ਪ੍ਰਧਾਨ ਰਣਜੀਤ ਸਿੰਘ ਪੁੱਤਰ ਨਸੀਬ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦੇ ਸਬੰਧ ਦੇ ਵਿੱਚ ਪਿੰਡ ਦੀਆਂ ਸੰਗਤਾਂ ਮੰਦਰ ਵਿੱਚ ਪੁੱਜੀਆਂ ਸਨ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਦਰ ਦੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਨਹੀਂ ਲਗਾਇਆ ਸੀ। ਇਸੇ ਦਾ ਫਾਇਦਾ ਲੈਂਦੇ ਹੋਏ ਤਿੰਨ ਚੋਰ ਮੰਦਰ ਵਿੱਚ ਬੀਤੀ ਰਾਤ ਦਾਖਲ ਹੋਏ ਤੇ ਉਹਨਾਂ ਨੇ ਮੰਦਰ ਦੇ ਵਿੱਚ ਪਈ ਗੋਲਕ ਨੂੰ ਤੋੜ ਕੇ ਉਸ ਵਿੱਚ ਚਾਰ ਤੋਂ ਲੈ ਕੇ ਪੰਜ ਹਜਾਰ ਦੇ ਕਰੀਬ ਨਗਦੀ ਚੋਰੀ ਕਰ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਚੋਰੀ ਦੀ ਇਹ ਸਾਰੀ ਵਾਰਦਾਤ ਮੰਦਰ ਦੇ ਵਿੱਚ ਲੱਗੇ ਕਲੋਜ ਸਰਕਟ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਦੇਣ ਤੇ ਕਾਹਨੂੰਵਾਨ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਚੋਰੀ ਦੀ ਇਸ ਵਾਰਦਾਤ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਕਾਹਨੂੰਵਾਨ ਪੁਲਿਸ ਵੱਲੋਂ ਮੰਦਿਰ ਚ ਲੱਗੇ ਕਲੋਜ ਸਰਕਟ ਕੈਮਰਿਆ ਦੀ ਫੁਟੇਜ ਦੇ ਆਧਾਰ ਤੇ ਇਸ ਚੋਰ ਗਰੋਹ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
Source babushahi







