ਪਹਿਲਕਦਮੀ: ਬਰਨਾਲਾ ਵਿੱਚ ਔਰਤਾਂ ਲਈ ਲੱਗਿਆ ਪਹਿਲਾ ਮੈਗਾ ਪਲੇਸਮੈਂਟ ਕੈਂਪ
- Admin Default
- 11 Sep, 2024 00:04
ਪਹਿਲਕਦਮੀ: ਬਰਨਾਲਾ ਵਿੱਚ ਔਰਤਾਂ ਲਈ ਲੱਗਿਆ ਪਹਿਲਾ ਮੈਗਾ ਪਲੇਸਮੈਂਟ ਕੈਂਪ
* 88 ਲੜਕੀਆਂ ਦੀ ਆਈਬੀਐਮ, ਮਾਈਕ੍ਰੋਸਾਫਟ ਦੇ ਮੁਫ਼ਤ ਸਿਖਲਾਈ ਪ੍ਰੋਗਰਾਮਾਂ ਲਈ ਕੀਤੀ ਰਜਿਸਟ੍ਰੇਸ਼ਨ: ਡਿਪਟੀ ਕਮਿਸ਼ਨਰ
ਬਰਨਾਲਾ
ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਵਿਭਾਗ ਰਾਹੀਂ ਪਹਿਲਕਦਮੀ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਅੱਜ ਇੱਥੇ ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਸਿਰਫ਼ ਔਰਤਾਂ ਲਈ ਮੈਗਾ ਪਲੇਸਮੈਂਟ ਕੈਂਪ ਲਗਾਇਆ ਗਿਆ, ਜਿਸ ਵਿੱਚ 370 ਤੋਂ ਵੱਧ ਮਹਿਲਾ ਉਮੀਦਵਾਰਾਂ ਨੇ 12 ਕੰਪਨੀਆਂ ਵਿੱਚ ਨੌਕਰੀਆਂ ਲਈ ਇੰਟਰਵਿਊ ਦਿੱਤੀ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਕਿ ਲੜਕੀਆਂ ਨੂੰ ਢੁਕਵੇਂ ਖੇਤਰ ਵਿੱਚ ਨੌਕਰੀ ਦਿਵਾਉਣ ਅਤੇ ਮਹਿਲਾ ਉਮੀਦਵਾਰਾਂ ਨੂੰ ਅੱਗੇ ਲਿਆਉਣ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ (ਡੀਬੀਈਈ) ਵੱਲੋਂ ਔਰਤਾਂ ਲਈ ਇਹ ਵਿਸ਼ੇਸ਼ ਪਲੇਸਮੈਂਟ ਕੈਂਪ ਲਗਾਇਆ ਗਿਆ।
ਅੱਜ ਦੇ ਮੈਗਾ ਪਲੇਸਮੈਂਟ ਕੈਂਪ ਵਿੱਚ ਬੈਂਕਿੰਗ ਅਤੇ ਬੀਮਾ, ਟੈਕਸਟਾਈਲ, ਕੰਪਿਊਟਰ, ਕਾਸਮੈਟਿਕ ਆਦਿ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ 241 ਉਮੀਦਵਾਰਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਸੀ ਅਤੇ ਅੱਠ ਨੂੰ ਮੌਕੇ 'ਤੇ ਨੌਕਰੀ ਪੱਤਰ ਦਿੱਤੇ ਗਏ। ਇੰਟਰਵਿਊ ਲਈ ਸ਼ਾਰਟਲਿਸਟ ਕੀਤੇ ਉਮੀਦਵਾਰ ਅੱਗੇ ਭਰਤੀ ਪ੍ਰਕਿਰਿਆ ਵਿੱਚੋਂ ਲੰਘਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਭਰਤੀ ਮੁਹਿੰਮ ਵਿੱਚ ਨਾਮਵਰ ਮਲਟੀਨੈਸ਼ਨਲ ਮਾਈਕ੍ਰੋਸਾਫਟ ਅਤੇ ਆਈ.ਬੀ.ਐਮ ਵਰਗੀਆਂ ਕੰਪਨੀਆਂ ਵੀ ਮੌਜੂਦ ਸਨ। ਪੰਜਾਬ ਹੁਨਰ ਵਿਕਾਸ ਮਿਸ਼ਨ (ਪੀਐਸਡੀਐਮ) ਅਤੇ ਮਾਈਕ੍ਰੋਸਾਫਟ ਤੇ ਆਈਬੀਐਮ ਦਰਮਿਆਨ ਹੋਏ ਸਮਝੌਤਾ ਅਨੁਸਾਰ, ਦੋਵੇਂ ਕੰਪਨੀਆਂ ਨੇ ਨੌਜਵਾਨਾਂ ਨੂੰ ਮੁਫਤ ਪ੍ਰਮਾਣਿਤ ਸਿਖਲਾਈ ਕੋਰਸਾਂ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਮੁਫਤ ਕੋਰਸਾਂ ਲਈ ਉਮੀਦਵਾਰਾਂ ਨੂੰ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਮੁਫਤ ਡਿਜੀਟਲ ਮਾਰਕੀਟਿੰਗ, ਸਾਈਬਰ ਸੁਰੱਖਿਆ, ਅੰਗਰੇਜ਼ੀ ਬੋਲਣ, ਏਆਈ ਤਕਨੀਕਾਂ ਆਦਿ ਦੇ ਕੋਰਸ ਸ਼ਾਮਲ ਹਨ। ਇਸ ਲਈ ਅੱਜ ਲਗਭਗ 88 ਉਮੀਦਵਾਰਾਂ ਨੇ ਆਪਣੀ ਰਜਿਸਟ੍ਰੇਸ਼ਨ ਕੀਤੀ ਹੈ।
ਇਸੇ ਤਰ੍ਹਾਂ ਸਵੈ-ਰੁਜ਼ਗਾਰ ਨਾਲ ਸਬੰਧਤ 11 ਵਿਭਾਗਾਂ ਨੇ ਉਮੀਦਵਾਰਾਂ ਨੂੰ ਸਵੈ-ਰੁਜ਼ਗਾਰ ਲਈ ਉਪਲਬਧ ਆਸਾਨ ਕਰਜ਼ਿਆਂ ਬਾਰੇ ਜਾਗਰੂਕ ਕਰਨ ਲਈ ਸਟਾਲ ਲਗਾਏ ਸਨ। ਇਸ ਮੌਕੇ ਮੱਛੀ ਪਾਲਣ, ਬਾਗਬਾਨੀ, ਪਸ਼ੂ ਪਾਲਣ, ਉਦਯੋਗ ਵਿਭਾਗ, ਆਰ ਸੇਟੀ ਤੇ ਹੋਰ ਵਿਭਗਾਂ ਨੇ ਔਰਤਾਂ ਨੂੰ ਸਵੈ-ਰੁਜ਼ਗਾਰ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ’ਤੇ 10 ਜਣਿਆਂ ਨੂੰ ਕਰਜ਼ਾ ਮਨਜ਼ੂਰੀ ਪੱਤਰ ਦਿੱਤੇ ਗਏ। ਇਨ੍ਹਾਂ ਵਿੱਚ ਕੈਸ਼ ਕ੍ਰੈਡਿਟ ਲਿੰਕੇਜ ਤਹਿਤ ਕਵਰ ਕੀਤੇ ਗਏ ਲਾਭਪਾਤਰੀ ਵੀ ਸ਼ਾਮਲ ਹਨ ਜਿਸ ਤਹਿਤ ਔਰਤਾਂ ਦੇ 10 ਸਵੈ-ਸਹਾਇਤਾ ਸਮੂਹਾਂ ਨੂੰ 1.5 - 1.5 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੋਜ਼ਗਾਰ ਬਿਊਰੋ ਵੱਲੋਂ 30 ਵਿਦਿਆਰਥੀਆਂ ਦੇ ਬੈਚ ਨੂੰ ਜੀਐਸਟੀ ਪ੍ਰੈਕਟੀਸ਼ਨਰ ਵਜੋਂ ਸਿਖਲਾਈ ਦਿੱਤੀ ਗਈ ਹੈ ਜਿਸ ਨਾਲ ਨੌਜਵਾਨਾਂ ਨੂੰ ਜੀਐਸਟੀ ਫਾਈਲਿੰਗ ਆਦਿ ਖੇਤਰ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ। ਇਨ੍ਹਾਂ ਸਾਰੇ 30 ਵਿਦਿਆਰਥੀਆਂ ਨੂੰ ਅੱਜ ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ.(ਜ) ਲਤੀਫ਼ ਅਹਿਮਦ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨਵਜੋਤ ਕੌਰ ਸੰਧੂ ਸਮੇਤ ਵੱਖ-ਵੱਖ ਵਿਭਾਗਾਂ ਦਾ ਸਟਾਫ਼ ਅਤੇ ਉਮੀਦਵਾਰ ਹਾਜ਼ਰ ਸਨ।







