:

ਸਿਹਤ ਪੇਸ਼ੇਵਰਾਂ 'ਤੇ ਹਿੰਸਾ ਖ਼ਿਲਾਫ਼ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਜ਼ਿਲ੍ਹਾ ਪੱਧਰੀ ਬੋਰਡ ਦਾ ਗਠਨ


ਸਿਹਤ ਪੇਸ਼ੇਵਰਾਂ 'ਤੇ ਹਿੰਸਾ ਖ਼ਿਲਾਫ਼ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਜ਼ਿਲ੍ਹਾ ਪੱਧਰੀ ਬੋਰਡ ਦਾ ਗਠਨ


* ਸਰਕਾਰੀ ਸਿਹਤ ਕੇਂਦਰਾਂ ਦੇ ਬਾਹਰ ਤਾਇਨਾਤ ਰਹਿਣਗੀਆਂ ਪੀ ਸੀ ਆਰ ਗੱਡੀਆਂ


ਬਰਨਾਲਾ

  ਸਿਹਤ ਸੰਭਾਲ ਪੇਸ਼ੇਵਰਾਂ ਅਤੇ ਪੈਰਾਮੈਡਿਕ ਸਟਾਫ਼ ਦੇ ਹਿੱਤਾਂ ਦੀ ਰਾਖੀ ਲਈ ਅਤੇ ਕਿਸੇ ਤਰ੍ਹਾਂ ਦੀ ਹਿੰਸਾ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਿਹਤ ਬੋਰਡ ਦਾ ਗਠਨ ਕੀਤਾ ਗਿਆ ਹੈ। 

  ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸਿਹਤ ਕਰਮੀਆਂ ਦੀ ਸੁਰੱਖਿਆ ਲਈ ਪੰਜ ਮੈਂਬਰੀ ਬੋਰਡ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਡਿਪਟੀ ਕਮਿਸ਼ਨਰ, ਐਸ ਐਸ ਪੀ, ਸਿਵਲ ਸਰਜਨ, ਫਾਰਮੇਸੀ ਅਫਸਰ, ਜ਼ਿਲ੍ਹਾ ਆਈ ਐਮ ਏ ਦੇ ਪ੍ਰਧਾਨ, ਮੈਡੀਕਲ ਅਫਸਰ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਅਟਾਰਨੀ ਸ਼ਾਮਲ ਹਨ।

   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਾਇਮਰੀ ਹੈਲਥ ਸੈਂਟਰ ਜੋ  24x7 ਸਿਹਤ ਸਹੂਲਤ ਵਜੋਂ ਕੰਮ ਕਰ ਰਹੇ ਵਿਖੇ ਵਿਸ਼ੇਸ਼ ਤੌਰ 'ਤੇ ਪੁਲਿਸ ਦੀਆਂ ਪੀ ਸੀ ਆਰ ਗੱਡੀਆਂ ਤਾਇਨਾਤ ਕੀਤੀ ਜਾਣਗੀਆਂ ਤਾਂ ਜੋ ਲੋੜ ਪੈਣ ਉੱਤੇ ਤੁਰੰਤ ਸਿਹਤ ਕਰਮੀਆਂ ਨੂੰ ਪੁਲਿਸ ਮਦਦ ਮਿਲ ਸਕੇ। 24x7 ਘੰਟੇ ਚੱਲਣ ਵਾਲੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਟੱਲੇਵਾਲ, ਰੂੜੇਕੇ ਕਲਾਂ, ਭੱਠਲਾਂ, ਢਿਲਵਾਂ ਅਤੇ ਠੀਕਰੀਵਾਲ ਸ਼ਾਮਲ ਹਨ।

   ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਸਿਹਤ ਕੇਂਦਰਾਂ ਵਿਖੇ ਪਹਿਲਾਂ ਤੋਂ ਹੀ ਲਗਾਏ ਗਏ ਸਾਰੇ ਸੀ ਸੀ ਟੀ ਵੀ ਕੈਮਰੇ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਨਾਲ ਹੀ ਵਾਧੂ ਕੈਮਰੇ ਅਤੇ ਪਹਿਲਾਂ ਤੋਂ ਲੱਗੇ ਕੈਮਰਿਆਂ ਲਈ ਸਰਕਾਰ ਤੋਂ ਫੰਡ ਲਈ ਜਾ ਰਹੇ ਹਨ।

  ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਮੈਡੀਕੇਅਰ ਸਰਵਿਸ ਪਰਸਨਜ਼ ਐਂਡ ਮੈਡੀਕੇਅਰ ਸਰਵਿਸ ਇੰਸਟੀਚਿਊਸ਼ਨਜ਼ (ਪ੍ਰੀਵੈਂਸ਼ਨ ਆਫ਼ ਵਾਇਲੈਂਸ ਐਂਡ ਡੈਮੇਜ ਟੂ ਪ੍ਰਾਪਰਟੀ) ਐਕਟ, 2008’ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਸਾਰੀਆਂ ਸਿਹਤ ਸਹੂਲਤਾਂ ‘ਚ ਐਕਟ ਦੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਇੱਕ ਡਿਸਪਲੇ ਬੋਰਡ ਲਗਾਏ ਜਾਣਗੇ, ਜਿਸ ਵਿੱਚ ਨਜ਼ਦੀਕੀ ਪੁਲਿਸ ਸਟੇਸ਼ਨਾਂ ਦੇ ਸੰਪਰਕ ਨੰਬਰ ਹੋਣ। 

   ਉਨ੍ਹਾਂ ਕਿਹਾ ਕਿ ਸਿਹਤ ਕੇਂਦਰਾਂ ਵਿਖੇ ਐਮਰਜੈਂਸੀ ਦੀ ਸਥਿਤੀ ਵਿੱਚ ਹੈਲਥ ਕੇਅਰ ਸਟਾਫ ਨੂੰ ‘112' ਹੈਲਪਲਾਈਨ 'ਤੇ ਡਾਇਲ ਕਰਨਾ ਚਾਹੀਦਾ ਹੈ ਤੇ ਨਾਲ ਹੀ ਕਿਸੇ ਵੀ ਸ਼ੱਕੀ ਵਿਅਕਤੀ ਦੀ ਆਵਾਜਾਈ ਨੂੰ ਰੋਕਣ ਲਈ ਹਸਪਤਾਲਾਂ ਦੇ ਸਾਰੇ ਸਟਾਫ਼ ਮੈਂਬਰਾਂ ਨੂੰ ਫੋਟੋ ਆਈ ਡੀ ਕਾਰਡ ਜਾਰੀ ਕੀਤੇ ਜਾਣਗੇ। ਹਰੇਕ ਸਟਾਫ ਨੂੰ ਕੰਮ ਦੇ ਸਮੇਂ ਦੌਰਾਨ ਲਾਜ਼ਮੀ ਤੌਰ 'ਤੇ ਆਈਡੀ ਕਾਰਡ ਪਹਿਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਬੋਰਡ ਦੀ ਮਹੀਨਾਵਾਰ ਮੀਟਿੰਗ ਹੋਵੇਗੀ।

  ਉਨ੍ਹਾਂ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੀਮਤੀ ਮਨੁੱਖੀ ਜਾਨਾਂ ਬਚਾਉਣ ਵਾਲੇ ਪੇਸ਼ੇਵਰਾਂ ਦੀ ਹਰ ਮੌਕੇ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

  ਇਸ ਮੌਕੇ ਹੋਰਨਾ ਤੋਂ ਇਲਾਵਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਪ੍ਰਵੇਸ਼ ਕੁਮਾਰ, ਐੱਸ ਐੱਮ ਓ ਬਰਨਾਲਾ ਡਾਕਟਰ ਤਪਿੰਦਰਜੋਤ  ਕੌਸ਼ਲ, ਐੱਸ ਐੱਮ ਓ ਧਨੌਲਾ ਡਾ. ਸਤਵੰਤ ਸਿੰਘ, 

ਡਾ. ਨਵਦੀਪ ਸਿੰਘ, ਡਾ. ਰੂਬੀ, ਫਾਰਮੈਸੀ ਅਫਸਰ ਖੁਸ਼ਦੀਪ ਬੰਸਲ, ਡਾ. ਗੁਰਤੇਜਿੰਦਰ ਕੌਰ, ਬਿਸ਼ਨ ਲਾਲ, ਜ਼ਿਲ੍ਹਾ ਅਟਾਰਨੀ ਗਗਨਦੀਪ ਭਾਰਦਵਾਜ, ਸੋਨੀ ਗਰਗ, ਡੀ ਐੱਸ ਪੀ ਬਲਜੀਤ ਸਿੰਘ, ਡਾ. ਇੰਦੂ ਬੰਸਲ, ਜਸਪਾਲ, ਹਰਗੋਬਿੰਦ ਸਿੰਘ ਆਦਿ ਹਾਜ਼ਰ ਸਨ।