:

ਖੁਫੀਆ ਵਿਭਾਗ ਦੇ ਡੀਐਸਪੀ ਦੀ ਰਿਹਾਇਸ਼ ਤੋਂ ਲੱਖਾਂ ਰੁਪਏ ਦੀ ਚੋਰੀ


ਖੁਫੀਆ ਵਿਭਾਗ ਦੇ ਡੀਐਸਪੀ ਦੀ ਰਿਹਾਇਸ਼ ਤੋਂ ਲੱਖਾਂ ਰੁਪਏ ਦੀ ਚੋਰੀ

ਬਠਿੰਡਾ

ਖੁਫੀਆ ਵਿਭਾਗ ਦੇ ਬਠਿੰਡਾ ਵਿੱਚ ਤਾਇਨਾਤ ਇੱਕ ਡੀਐਸਪੀ ਦੇ ਘਰੋਂ ਦੋ ਸ਼ੱਕੀ ਔਰਤਾਂ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ  ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਐਸਪੀ ਪਰਮਿੰਦਰ ਸਿੰਘ ਦੀ ਧਰਮਪਤਨੀ ਤਰਨਜੀਤ ਕੌਰ ਦੀ ਸ਼ਕਾਇਤ ਤੇ ਦੋਅਣਪਛਾਤੀਆਂ ਔਰਤਾਂ ਖਿਲਾਫ ਮੁਕੱਦਮਾ ਦਰਜ ਕਰਕੇ ਸ਼ੱਕੀ ਚੋਰਨੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਢਲੇ ਤੌਰ ਤੇ ਹਾਸਲ ਹੋਈ ਜਾਣਕਾਰੀ ਮੁਤਾਬਕ ਇਹ ਔਰਤਾਂ ਘਰੇਲੂ ਨੌਕਰਾਣੀ ਬਣ ਕੇ ਘਰ ਦੀ ਸਫ਼ਾਈ ਕਰਨ ਆਈਆਂ ਸਨ ਅਤੇ ਗਹਿਣਿਆਂ ’ਤੇ ਹੱਥ ਸਾਫ ਕਰ ਗਈਆਂ।  

                
ਕਥਿਤ ਮੁਲਜਮਾਂ ਦੀ ਤਸਵੀਰ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਡੀਐਸਪੀ ਦੀ ਪਤਨੀ ਤਰਨਜੀਤ ਕੌਰ ਨੇ ਬਿਆਨ ਦਰਜ ਕਰਵਾਏ ਹਨ ਕਿ 18 ਸਤੰਬਰ ਨੂੰ ਦੋ ਔਰਤਾਂ ਘਰ ਵਿੱਚ ਦਾਖ਼ਲ ਹੋਈਆਂ ਸਨ ਜੋ  ਆਪਣੇ ਆਪ ਨੂੰ ਨੌਕਰਾਣੀ ਦੱਸ ਰਹੀਆਂ ਸਨ ਅਤੇ ਘਰ ’ਚ ਸਫਾਈ ਦਾ ਕੰਮ ਕਰਨ ਦੀ ਮੰਗ ਕਰ ਰਹੀਆਂ ਸਨ। ਪੀੜਤਾ ਅਨੁਸਾਰ ਇਸ ਦੌਰਾਨ ਇੰਨ੍ਹਾਂ ਔਰਤਾਂ ਨੇ ਉਸ ਨੂੰ ਆਪਣੀਆਂ ਗੱਲਾਂ ਦਾ ਝਾਂਸਾ ਦੇ ਕੇ ਘਰ ਦੀ ਸਫ਼ਾਈ ਦੇ ਬਹਾਨੇ ਸੋਨੇ-ਚਾਂਦੀ ਦੇ ਗਹਿਣੇ, ਹੀਰੇ ਦਾ ਸੈੱਟ ਅਤੇ ਕੱੁਝ ਨਕਦੀ ਚੋਰੀ ਕਰ ਲਈ।
                
ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ 23 ਲੱਖ ਰੁਪਏ ਦੇ ਕਰੀਬ ਬਣਦੀ ਹੈ। ਐਸਪੀ ਸਿਟੀ ਨੇ ਦੱਸਿਆ ਕਿ ਤਰਨਜੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੀ ਔਰਤਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਦੀ ਫੁਟੇਜ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਿਸ ਦੇ ਆਧਾਰ ’ਤੇ ਦੋਸ਼ੀ ਔਰਤਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਇੰਨ੍ਹਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Source babushahi