:

ਖੇਤੀਬਾੜੀ ਵਿਭਾਗ ਸ਼ਹਿਣਾ ਨੇ ਆਤਮਾ ਤਹਿਤ ਅਗਾਂਹਵਧੂ ਕਿਸਾਨਾਂ ਦਾ ਖੇਤੀ ਮੇਲੇ ਦਾ ਲਗਵਾਇਆ ਟੂਰ


ਖੇਤੀਬਾੜੀ ਵਿਭਾਗ ਸ਼ਹਿਣਾ ਨੇ ਆਤਮਾ ਤਹਿਤ ਅਗਾਂਹਵਧੂ ਕਿਸਾਨਾਂ ਦਾ ਖੇਤੀ ਮੇਲੇ ਦਾ ਲਗਵਾਇਆ ਟੂਰ

ਸ਼ਹਿਣਾ

 ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਸ਼ਹਿਣਾ ਵਲੋਂ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੂੰ ਆਤਮਾ ਤਹਿਤ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲਗਾਏ ਗਏ ਕਿਸਾਨ ਮੇਲੇ ’ਚ ਲਿਜਾਇਆ ਗਿਆ ਜਿਸ ’ਚ ਕਰੀਬ 40 ਕਿਸਾਨਾਂ ਨੇ ਭਾਗ ਲਿਆ। ਇਸ ਸਮੇਂ ਲੁਧਿਆਣਾ ਖੇਤੀ ਮੇਲੇ ’ਚ ਜਾਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਇਸ ਮੇਲੇ ’ਚ ਨਵੀਆਂ-ਨਵੀਆਂ ਤਕਨੀਕਾਂ ਤੇ ਹੋਰ ਖੇਤੀ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ। ਵਿਭਾਗ ਦੇ ਏਡੀਓ ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਅਜਿਹੇ ਟੂਰ ਸਮੇਂ-ਸਮੇਂ ’ਤੇ ਲਗਵਾਏ ਜਾਂਦੇ ਹਨ ਤਾਂ ਜੋ ਅਗਾਂਹਵਧੂ ਕਿਸਾਨ ਅਧੁਨਿਕ ਤਕਨੀਕ ਅਪਣਾ ਕੇ ਖੇਤੀ ਕਰਨ ਤੇ ਘੱਟ ਖਰਚੇ ਨਾਲ ਵੱਧ ਮੁਨਾਫਾ ਕਮਾ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਕਿਸਾਨਾਂ ਤੇ ਖੇਤੀਬਾੜੀ ਲਈ ਬੜੇ ਲਾਹੇਵੰਦ ਸਾਬਤ ਹੁੰਦੇ ਹਨ। ਮੇਲੇ ਰਾਹੀਂ ਕਿਸਾਨਾਂ ਤੇ ਖੇਤੀ ਨਾਲ ਜੁੜੇ ਲੋਕਾਂ ਨੂੰ ਕਿਸਾਨੀ ਨਾਲ ਸਬੰਧਤ ਆਧੁਨਿਕ ਵਸਤਾਂ ਬਾਰੇ ਨਵੀਂ ਜਾਣਕਾਰੀ ਮਿਲਦੀ ਹੈ। ਬੀਟੀਐੱਮ ਜਸਵਿੰਦਰ ਸਿੰਘ ਨੇ ਖੇਤੀ ਆਮਦਨ ਨੂੰ ਦੁੱਗਣੀ ਕਰਨ ਲਈ ਉਨ੍ਹਾਂ ਨੇ ਉਤਪਾਦਨ ਦੇ ਨਾਲ-ਨਾਲ ਗੁਣਵੱਤਾ ਵਧਾਉਣ ਲਈ ਜਾਗਰੂਕ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਲਈ ਮਾਹਿਰਾਂ ਨਾਲ ਤਾਲਮੇਲ ਬਣਾਉਣ ਤੇ ਕਣਕ-ਝੋਨੇ ਦੇ ਫਸਲੀ ਚੱਕਰ ਦੇ ਬਦਲ ਵਜੋਂ ਸਬਜ਼ੀਆਂ, ਫਲਾਂ, ਤੇਲ ਬੀਜਾਂ ਤੇ ਦਾਲਾਂ ਦੀ ਕਾਸ਼ਤ ਲਈ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਲਈ ਕਿਹਾ। ਸਹਾਇਕ ਟੈਕਨੋਲਜੀ ਮੈਨੇਜਰ ਦੀਪਕ ਗਰਗ ਨੇ ਕਿਹਾ ਕਿ ਇਹ ਮੇਲਾ ਕਿਸਾਨੀ ਲਈ ਤੀਰਥ ਵਾਂਗ ਹੈ। ਹਰ ਕਿਸਾਨ ਨੂੰ ਮੇਲੇ ’ਚ ਆ ਕੇ ਨਵੀਆਂ ਕਿਸਮਾਂ ਦੇ ਬੀਜ, ਫਲਦਾਰ ਬੂਟੇ ਤੇ ਖੇਤੀ ਸਾਹਿਤ ਦੀ ਖਰੀਦ ਕਰਨੀ ਚਾਹੀਦੀ ਹੈ। ਇਸ ਮੌਕੇ ਸਹਾਇਕ ਟੈਕਨੋਲਜੀ ਮੈਨੇਜਰ ਸੁਖਪਾਲ ਸਿੰਘ, ਬੇਲਦਾਰ ਜਸ਼ਨਦੀਪ ਸ਼ਰਮਾ, ਬੇਲਦਾਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।