'ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ' (OCI) ਦੇ ਨਿਯਮ ਭਾਰਤ ਸਰਕਾਰ ਨੇ ਬਦਲੇ
- Admin Default
- 27 Sep, 2024 04:32
'ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ' (OCI) ਦੇ ਨਿਯਮ ਭਾਰਤ ਸਰਕਾਰ ਨੇ ਬਦਲੇ
ਹੁਣ ਦੂਜੇ ਦੇਸ਼ਾਂ 'ਚ ਵਸੇ ਭਾਰਤੀਆਂ ਨੂੰ ਕਿਹਾ ਜਾਵੇਗਾ 'ਵਿਦੇਸ਼ੀ'
ਨਵੀਂ ਦਿੱਲੀ
'ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ' ਉਨ੍ਹਾਂ ਭਾਰਤੀਆਂ ਨੂੰ ਕਿਹਾ ਜਾਂਦਾ ਹੈ ਜੋ ਭਾਰਤ ਤੋਂ ਵਿਦੇਸ਼ ਜਾ ਕੇ ਸੈਟ ਹੋ ਗਏ ਹੁੰਦੇ ਹਨ ਯਾਨੀ ਕਿ ਵਿਦੇਸ਼ ਵਿਚ ਕਿਸੇ ਦੇਸ਼ ਦੇ ਪੱਕੇ ਨਾਗਰਿਕ ਬਣ ਚੁੱਕੇ ਹਨ। ਹੁਣ ਤੱਕ ਉਨ੍ਹਾਂ ਨੂੰ ਇਹ ਸਹੂਲਤ ਸੀ ਕਿ ਉਹ ਕਿਸੇ ਵੀ ਵਕਤ ਭਾਰਤ ਆ ਕੇ ਕਿਤੇ ਵੀ ਘੁੰਮ ਫਿਰ ਸਕਦੇ ਸਨ, ਕਿਤੇ ਵੀ ਜਾਇਦਾਦ ਖ਼ਰੀਦ ਸਕਦੇ ਸਨ। ਉਹ ਭਾਰਤ ਵਿਚ ਆ ਕੇ ਜਿਨਾ ਮਰਜ਼ੀ ਸਮਾਂ ਠਹਿਰ ਸਕਦੇ ਸਨ।
ਪਰ ਹੁਣ ਭਾਰਤ ਸਰਕਾਰ ਨੇ ਇਹ ਸਾਰੇ ਨਿਯਮ ਬਦਲ ਦਿੱਤੇ ਹਨ। ਦਰਅਸਲ ਦਰਅਸਲ, ਭਾਰਤ ਸਰਕਾਰ ਨੇ OCI ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਉਹ ਦਿਨ ਲੰਘ ਗਏ ਹਨ ਜਦੋਂ ਉਹ ਆਸਾਨੀ ਨਾਲ ਭਾਰਤ ਵਿਚ ਦਾਖਲ ਹੋ ਸਕਦੇ ਸਨ। OCI ਕਾਰਡ ਧਾਰਕਾਂ ਨੂੰ ਦੁਨੀਆ ਦੇ ਹੋਰ ਦੇਸ਼ਾਂ ਦੇ ਨਾਗਰਿਕਾਂ ਵਾਂਗ ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰਨ ਲਈ ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ। ਸਰਕਾਰ ਨੇ ਉਨ੍ਹਾਂ ਨੂੰ ‘ਵਿਦੇਸ਼ੀ’ ਐਲਾਨ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਕਾਰਨ ਓਸੀਆਈ ਕਾਰਡ ਧਾਰਕ ਜੋ ਆਸਾਨੀ ਨਾਲ ਭਾਰਤ ਆ ਸਕਦੇ ਸਨ, ਉਨ੍ਹਾਂ ਨੂੰ ਹੁਣ ਲਾਲ ਫੀਤਾਸ਼ਾਹੀ ਦਾ ਸਾਹਮਣਾ ਕਰਨਾ ਪਵੇਗਾ।
ਜਿੱਥੇ ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਯਾਤਰਾ ਕਰਨ ਅਤੇ ਧਾਰਮਿਕ ਗਤੀਵਿਧੀਆਂ ਕਰਨ ਲਈ ਪਰਮਿਟ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ OCI ਕਾਰਡ ਰੱਖਣ ਵਾਲੇ ਕਾਰੋਬਾਰੀਆਂ ਨੂੰ ਵੀ ਲਾਲ ਫੀਤਾਸ਼ਾਹੀ ਦਾ ਸਾਹਮਣਾ ਕਰਨਾ ਪਵੇਗਾ। ਨਵੇਂ ਨਿਯਮਾਂ ਤਹਿਤ ਹੁਣ ਉਨ੍ਹਾਂ ਨੂੰ ਭਾਰਤ ਵਿੱਚ ਜਾਇਦਾਦ ਅਤੇ ਕਾਰੋਬਾਰ ਦੀ ਖਰੀਦ-ਵੇਚ ਦੀ ਇਜਾਜ਼ਤ ਲਈ ਸਰਕਾਰੀ ਅਧਿਕਾਰੀਆਂ ਕੋਲ ਅਰਜ਼ੀ ਦੇਣੀ ਪਵੇਗੀ। ਉਨ੍ਹਾਂ ਨੂੰ ਇਹ ਜਾਣਕਾਰੀ ਦੇਣੀ ਪਵੇਗੀ ਕਿ ਉਹ ਕਿਹੜੇ ਕਾਰੋਬਾਰ ਅਤੇ ਜਾਇਦਾਦਾਂ ਨੂੰ ਖਰੀਦ ਰਹੇ ਹਨ ਅਤੇ ਵੇਚ ਰਹੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਲਗਭਗ 3.2 ਕਰੋੜ ਭਾਰਤੀ ਵਿਦੇਸ਼ਾਂ ਵਿਚ ਰਹਿ ਰਹੇ ਹਨ, ਜਿਨ੍ਹਾਂ ਵਿਚੋਂ ਕੁਝ ਨੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਵੀ ਹਾਸਲ ਕਰ ਲਈ ਹੈ। ਪਰ ਹੁਣ ਉਨ੍ਹਾਂ ਨੂੰ ਵੱਡੇ ਬਦਲਾਅ ਦਾ ਸਾਹਮਣਾ ਕਰਨਾ ਪਵੇਗਾ। ਦਰਅਸਲ, ਭਾਰਤ ਸਰਕਾਰ ਦੁਆਰਾ ਪੇਸ਼ ਕੀਤੇ ਗਏ ਨਵੇਂ ਨਿਯਮਾਂ ਨੇ 'ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ' (ਓਸੀਆਈ) ਦੇ ਕਈ ਵਿਸ਼ੇਸ਼ ਅਧਿਕਾਰ ਖੋਹ ਲਏ ਹਨ।
ਇੱਕ ਸਮੇਂ ਤੱਕ ਓਸੀਆਈ ਕਾਰਡ ਧਾਰਕਾਂ ਨੂੰ ਭਾਰਤ ਦੇ ਨਾਗਰਿਕਾਂ ਦੇ ਬਰਾਬਰ ਅਧਿਕਾਰ ਸਨ, ਪਰ ਹੁਣ ਉਨ੍ਹਾਂ ਨੂੰ 'ਵਿਦੇਸ਼ੀ ਨਾਗਰਿਕ' ਦਾ ਦਰਜਾ ਮਿਲਣ ਜਾ ਰਿਹਾ ਹੈ। ਇਸ ਗੱਲ ਨੂੰ ਲੈ ਕੇ ਉਹ ਕਾਫੀ ਨਾਰਾਜ਼ ਹਨ। OCI ਦਾ ਦਰਜਾ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਲਈ ਹੈ, ਜਾਂ ਭਾਰਤੀ ਮੂਲ ਦੇ ਲੋਕਾਂ ਨੂੰ। ਇਸ ਤਹਿਤ ਉਨ੍ਹਾਂ ਨੂੰ ਇੱਕ ਕਾਰਡ ਮਿਲਦਾ ਹੈ, ਜਿਸ ਰਾਹੀਂ ਉਹ ਭਾਰਤ ਵਿੱਚ ਆ ਕੇ ਅਣਮਿੱਥੇ ਸਮੇਂ ਲਈ ਰਹਿ ਸਕਦੇ ਹਨ। ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਦੇ ਨਾਲ-ਨਾਲ ਕੰਮ ਕਰਨ ਦੀ ਵੀ ਇਜਾਜ਼ਤ ਹੈ।
Source babushahi







