ਅਖੌਤੀ ਅਣਖ ਖਾਤਰ ਸਾਲੇ ਨੇ ਬੇਰਿਹਮੀ ਨਾਲ ਵੱਢਿਆ ਜੀਜਾ, ਮੌਕੇ 'ਤੇ ਮੌਤ
- Admin Default
- 28 Sep, 2024 01:05
ਅਖੌਤੀ ਅਣਖ ਖਾਤਰ ਸਾਲੇ ਨੇ ਬੇਰਿਹਮੀ ਨਾਲ ਵੱਢਿਆ ਜੀਜਾ, ਮੌਕੇ 'ਤੇ ਮੌਤ
ਬਠਿੰਡਾ
ਬੀਤੀ ਸ਼ਾਮ ਬਠਿੰਡਾ ਜ਼ਿਲ੍ਹੇ ਦੇ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਵਿੱਚ ਭੈਣ ਵੱਲੋਂ ਅੰਤਰਜਾਤੀ ਵਿਆਹ ਕਰਵਾਉਣ ਤੋਂ ਨਰਾਜ਼ ਭਰਾ ਨੇ ਆਪਣੇ ਦੋਸਤਾਂ ਨਾਲ ਮਿਲਕੇ ਭਣੋਈਏ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਮ੍ਰਿਤਕ ਦੀ ਪਹਿਚਾਣ ਅਕਾਸ਼ਦੀਪ ਸਿੰਘ ਵਾਸੀ ਸੰਗਤ ਕਲਾਂ ਦੇ ਤੌਰ 'ਤੇ ਹੋਈ ਹੈ। ਥਾਣਾ ਸੰਗਤ ਪੁਲਿਸ ਨੇ ਮ੍ਰਿਤਕ ਆਕਾਸ਼ਦੀਪ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਉਸ ਦੇ ਸਕੇ ਭਰਾ ਗੁਰਭਿੰਦਰ ਸਿੰਘ ਅਤੇ ਦੋ ਦੋਸਤਾਂ ਕੁਲਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਵਾਸੀ ਫ਼ੂਲੋ ਮਿੱਠੀ ਤੋਂ ਇਲਾਵਾ ਇੱਕ ਅਣਪਛਾਤੇ ਨੌਜਵਾਨ ਵਿਰੁਧ ਬੀਐਨਐਸ ਦੀ ਧਾਰਾ 03, 3(5)ਏ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਅਕਾਸ਼ਦੀਪ ਆਪਣੀ ਪਤਨੀ ਹਰਪ੍ਰੀਤ ਕੌਰ ਅਤੇ ਬੇਟੇ ਏਕਮ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਇਸ ਦੌਰਾਨ ਪਿੰਡ ਕੋਟਗੁਰੂ ਕੋਲ ਅਚਾਨਕ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਪਿੱਛਿਓ ਆਏ ਮੁਲਜਮਾਂ ਨੇ ਅਕਾਸ਼ਦੀਪ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਮ੍ਰਿਤਕ ਅਕਾਸ਼ਦੀਪ ਨੇ ਕਰੀਬ ਤਿੰਨ ਸਾਲ ਪਹਿਲਾਂ ਹਰਪ੍ਰੀਤ ਕੌਰ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਦੋਨੋਂ ਪ੍ਰਵਾਰ ਅਲੱਗ-ਅਲੱਗ ਜਾਤੀਆਂ ਨਾਲ ਸਬੰਧਤ ਹੋਣ ਕਾਰਨ ਲੜਕੀ ਦਾ ਪਰਿਵਾਰ ਇਸ ਪ੍ਰੇਮ ਵਿਆਹ ਤੋਂ ਨਰਾਜ਼ ਚੱਲਿਆ ਆ ਰਿਹਾ ਸੀ।
ਇਸ ਨਰਾਜ਼ਗੀ ਕਾਰਨ ਹੀ ਬੀਤੀ ਦੇਰ ਸ਼ਾਮ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। ਡੀਐਸਪੀ ਦਿਹਾਤੀ ਇਹਨਾਂ ਗੁਪਤਾ ਨੇ ਇਸ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਕਾਸ਼ਦੀਪ ਦੇ ਸਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨ ਦੱਸਿਆ ਕਿ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।
Source babushahi







