:

ਨਵਰਾਤਰੀ 2024: ਅੱਜ ਨਵਰਾਤਰੀ ਦੇ ਸਤਵੇਂ ਦਿਨ 9 ਅਕਤੂਬਰ ਨੂੰ ਕੀਤੀ ਜਾਵੇਗੀ ਮਾਂ ਕਾਲਰਾਤਰੀ ਦੀ ਪੂਜਾ, ਜਾਣੋ ਪੂਜਾ-ਵਿਧੀ


ਨਵਰਾਤਰੀ 2024:  ਅੱਜ ਨਵਰਾਤਰੀ ਦੇ ਸਤਵੇਂ ਦਿਨ 9 ਅਕਤੂਬਰ ਨੂੰ ਕੀਤੀ ਜਾਵੇਗੀ ਮਾਂ ਕਾਲਰਾਤਰੀ ਦੀ ਪੂਜਾ, ਜਾਣੋ ਪੂਜਾ-ਵਿਧੀ

ਮੰਤਰ-ਮੁਹੂਰਤ, ਕਥਾ ਕਹਾਣੀਆਂ ਅਤੇ ਹੋਰ ਸੱਭ 

ਸ਼ਾਰਦੀਯ ਨਵਰਾਤਰੀ ਦੇ ਸੱਤਵੇਂ ਦਿਨ ਦੇਵੀ ਕਾਲਰਾਤਰੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਦੇਵੀ ਦਾ ਇਹ ਰੂਪ ਬੇਹੱਦ ਭਿਆਨਕ ਹੈ। ਦੇਵੀ ਦਾ ਇਹ ਰੂਪ ਕਾਲ ਨੂੰ ਵੀ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ। 

ਕੋਟਕਪੂਰਾ

ਇਨ੍ਹੀਂ ਦਿਨੀਂ ਸ਼ਾਰਦੀਯ ਨਵਰਾਤਰੀ ਦਾ ਤਿਉਹਾਰ ਚੱਲ ਰਿਹਾ ਹੈ। ਅੱਜ ਯਾਨੀ 9 ਅਕਤੂਬਰ ਨੂੰ ਨਵਰਾਤਰੀ ਦਾ ਸੱਤਵਾਂ ਦਿਨ ਹੋਵੇਗਾ। ਮਾਂ ਦੁਰਗਾ ਦੀ ਸੱਤਵੀਂ ਸ਼ਕਤੀ ਨੂੰ ਕਾਲਰਾਤਰੀ ਕਿਹਾ ਜਾਂਦਾ ਹੈ। ਨਵਰਾਤਰੀ ਜਾਂ ਦੁਰਗਾ ਪੂਜਾ ਦੇ ਸੱਤਵੇਂ ਦਿਨ ਮਾਂ ਕਾਲਰਾਤਰੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਇਸ ਦਿਨ ਸਾਧਕ ਦਾ ਮਨ ‘ਸਹਸਰਾਰ’ ਚੱਕਰ ਵਿੱਚ ਟਿਕਿਆ ਰਹਿੰਦਾ ਹੈ। ਉਸਦੇ ਦੇ ਲਈ ਬ੍ਰਹਿਮੰਡ ਦੀਆਂ ਸਾਰੀਆਂ ਪ੍ਰਾਪਤੀਆਂ ਦੇ ਦਰਵਾਜ਼ੇ ਖੁੱਲ੍ਹਣ ਲੱਗਦੇ ਹਨ। ਦੇਵੀ ਕਾਲਰਾਤਰੀ ਨੂੰ ਵਿਆਪਕ ਤੌਰ 'ਤੇ ਮਾਤਾ ਦੇਵੀ ਦੇ ਕਈ ਵਿਨਾਸ਼ਕਾਰੀ ਰੂਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ - ਕਾਲੀ, ਮਹਾਕਾਲੀ, ਭਦਰਕਾਲੀ, ਭੈਰਵੀ, ਮ੍ਰਿਤੂ-ਰੁਦਰਾਨੀ, ਚਾਮੁੰਡਾ, ਚੰਡੀ ਅਤੇ ਦੁਰਗਾ। ਰੌਦਰੀ, ਧੂਮਰਵਰਣਾ ਅਤੇ ਕਾਲਰਾਤਰੀ ਮਾਂ ਦੇ ਹੋਰ ਘੱਟ ਪ੍ਰਸਿੱਧ ਨਾਂ ਹਨ।

 

ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਮਾਂ ਕਾਲੀ ਅਤੇ ਕਾਲਰਾਤਰੀ ਦੀ ਵਰਤੋਂ ਇੱਕ ਦੂਜੇ ਦੇ ਪੂਰਕ ਹਨ, ਹਾਲਾਂਕਿ ਇਹਨਾਂ ਦੋਨਾਂ ਦੇਵੀਆਂ ਨੂੰ ਵੱਖੋ-ਵੱਖਰੀਆਂ ਹਸਤੀਆਂ ਵਜੋਂ ਮੰਨਿਆ ਜਾਂਦਾ ਹੈ। ਡੇਵਿਡ ਕਿੰਸਲੇ ਦੇ ਅਨੁਸਾਰ, ਕਾਲੀ ਦਾ ਜ਼ਿਕਰ ਹਿੰਦੂ ਧਰਮ ਵਿੱਚ 600 ਈਸਵੀ ਦੇ ਆਸਪਾਸ ਇੱਕ ਵੱਖਰੀ ਦੇਵੀ ਵਜੋਂ ਕੀਤਾ ਗਿਆ ਹੈ। ਕਾਲਰਾਤਰੀ, ਮਹਾਭਾਰਤ (ਲਗਭਗ 3200 ਈ.ਪੂ.) ਵਿੱਚ ਵਰਣਿਤ ਅਜੋਕੀ ਕਾਲੀ ਦਾ ਵੀ ਵਰਣਨ ਹੈ।

 

ਮੰਨਿਆ ਜਾਂਦਾ ਹੈ ਕਿ ਦੇਵੀ ਦੇ ਇਸ ਰੂਪ ਨਾਲ ਸਾਰੇ ਦਾਨਵ, ਭੂਤ-ਪ੍ਰੇਤ, ਪਿਸ਼ਾਚ ਅਤੇ ਨਕਾਰਾਤਮਕ ਸ਼ਕਤੀਆਂ ਦਾ ਨਾਸ਼ ਹੋ ਜਾਂਦਾ ਹੈ, ਜੋ ਉਨ੍ਹਾਂ ਦੇ ਆਉਣ ਨਾਲ ਭੱਜ ਜਾਂਦੀਆਂ ਹਨ।

 

ਸੌਧਿਕਾਗਮ, ਇੱਕ ਪ੍ਰਾਚੀਨ ਤਾਂਤਰਿਕ ਪਾਠ ਜਿਸਦਾ ਸ਼ਿਲਪਾ ਪ੍ਰਕਾਸ਼ ਵਿੱਚ ਹਵਾਲਾ ਦਿੱਤਾ ਗਿਆ ਹੈ, ਇਸ ਅੰਦਰ ਦੇਵੀ ਕਾਲਰਾਤਰੀ ਨੂੰ ਰਾਤ ਦੇ ਨਿਯੰਤਰਣ ਵਜੋਂ ਦਰਸਾਇਆ ਗਿਆ ਹੈ। ਸਹਸਰਾਰ ਚੱਕਰ ਵਿੱਚ ਸਥਿਤ ਸਾਧਕ ਦਾ ਮਨ ਮਾਤਾ ਕਾਲਰਾਤਰੀ ਦੇ ਰੂਪ ਵਿੱਚ ਪੂਰਨਤਾ ਨਾਲ ਸਥਿਤ ਰਹਿੰਦਾ ਹੈ। ਉਹ ਮਾਤਾ ਦੇ ਦਰਸ਼ਨਾਂ ਤੋਂ ਪ੍ਰਾਪਤ ਹੋਣ ਵਾਲੇ ਪੁੰਨ (ਪ੍ਰਾਪਤੀਆਂ ਅਤੇ ਖਜ਼ਾਨੇ, ਖਾਸ ਕਰਕੇ ਗਿਆਨ, ਸ਼ਕਤੀ ਅਤੇ ਦੌਲਤ) ਦਾ ਭਾਗੀਦਾਰ ਬਣ ਜਾਂਦਾ ਹੈ। ਉਸ ਦੇ ਸਾਰੇ ਪਾਪ ਅਤੇ ਰੁਕਾਵਟਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸਨੂੰ ਅਨੇਕਾਂ ਨੇਕੀ ਵਾਲੇ ਸੰਸਾਰਾਂ ਦੀ ਪ੍ਰਾਪਤੀ ਹੁੰਦੀ ਹੈ। 

 

ਮਾਤਾ ਕਾਲਰਾਤਰੀ ਦੇ ਸਰੀਰ ਦਾ ਰੰਗ ਸੰਘਣੇ ਹਨੇਰੇ ਵਾਂਗ ਬਿਲਕੁਲ ਕਾਲਾ ਹੈ। ਸਿਰ ਦੇ ਵਾਲ ਖਿੱਲਰੇ ਹੋਏ ਹਨ। ਗਲੇ ਵਿੱਚ ਇੱਕ ਮਾਲਾ ਹੈ ਜੋ ਬਿਜਲੀ ਵਾਂਗ ਚਮਕਦੀ ਹੈ। ਮਾਤਾ ਕਾਲਰਾਤਰੀ ਦੀਆਂ ਤਿੰਨ ਅੱਖਾਂ ਹਨ। ਇਹ ਤਿੰਨੇ ਅੱਖਾਂ ਬ੍ਰਹਿਮੰਡ ਵਾਂਗ ਗੋਲ ਹਨ। ਉਨ੍ਹਾਂ ਵਿਚੋਂ ਬਿਜਲੀ ਵਰਗੀਆਂ ਚਮਕਦਾਰ ਕਿਰਨਾਂ ਨਿਕਲਦੀਆਂ ਰਹਿੰਦੀਆਂ ਹਨ।

 

ਮਾਤਾ ਕਾਲਰਾਤਰੀ ਦੀਆਂ ਨਾਸਾਂ ਦੇ ਸਾਹਾਂ ਵਿਚੋਂ ਅੱਗ ਦੀਆਂ ਭਿਆਨਕ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ। ਉਹ ਆਪਣੀਆਂ ਦੋਵੇਂ ਪਹਾੜਾਂ ਵਰਗੀਆਂ ਛਾਤੀਆਂ ਨਾਲ ਦੈਂਤਾ ਨੂੰ ਧੱਕ ਕੇ ਉਨ੍ਹਾਂ ਦਾ ਨਾਸ਼ ਕਰ ਦਿੰਦੀ ਹੈ। ਉਸ ਦਾ ਵਾਹਨ ਗਰਦਭ (ਖੋਤਾ ਜਾਂ ਗਧਾ / ਗਦਹਾ ) ਹੈ। ਉਹ ਆਪਣੇ ਸੱਜੇ ਹੱਥ ਦੀ ਵਰਮੁਦ੍ਰਾ (ਅਸ਼ੀਰਵਾਦ ਵਾਲਾ ਹੱਥ) ਨਾਲ ਸਾਰਿਆਂ ਨੂੰ ਵਰਦਾਨ ਦਿੰਦੀ ਹੈ। ਸੱਜੇ ਪਾਸੇ ਹੇਠਲਾ ਹੱਥ ਅਭਯਮੁਦ੍ਰਾ ਵਿੱਚ ਹੈ। ਉਪਰਲੇ ਖੱਬੇ ਹੱਥ ਵਿਚ ਲੋਹੇ ਦਾ ਕੰਡਾ ਅਤੇ ਹੇਠਲੇ ਹੱਥ ਵਿਚ ਛੁਰਾ ਜਾਂ ਕਟਾਰ ਹੈ।

 

ਮਾਂ ਕਾਲਰਾਤਰੀ ਦਾ ਰੂਪ ਦੇਖਣ ਲਈ ਬਹੁਤ ਡਰਾਉਣਾ ਹੈ, ਪਰ ਉਹ ਹਮੇਸ਼ਾ ਸ਼ੁਭ ਫਲ ਦਿੰਦੀ ਹੈ। ਇਸ ਕਾਰਨ ਉਨ੍ਹਾਂ ਦਾ ਇਕ ਨਾਂ 'ਸ਼ੁਭੰਕਾਰੀ' ਹੈ। ਇਸ ਲਈ ਸ਼ਰਧਾਲੂਆਂ ਨੂੰ ਇਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ।

 

ਮਾਤਾ ਕਾਲਰਾਤਰੀ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਹੈ। ਦਾਨਵ, ਦੈਂਤ, ਰਾਖਸ਼ਸ, ਭੂਤ, ਪ੍ਰੇਤ ਆਦਿ ਕੇਵਲ ਉਨ੍ਹਾਂ ਦੇ ਜ਼ਿਕਰ 'ਤੇ ਹੀ ਡਰ ਜਾਂਦੇ ਹਨ ਅਤੇ ਭੱਜ ਜਾਂਦੇ ਹਨ। ਇਹ ਗ੍ਰਹਿ ਰੁਕਾਵਟਾਂ ਨੂੰ ਵੀ ਦੂਰ ਕਰਦੀ ਹੈ। ਇਸ ਦੇ ਭਗਤਾਂ ਨੂੰ ਕਦੇ ਵੀ ਅੱਗ ਦਾ ਡਰ, ਪਾਣੀ ਦਾ ਡਰ, ਪਸ਼ੂਆਂ ਦਾ ਡਰ, ਦੁਸ਼ਮਣਾਂ ਦਾ ਡਰ, ਰਾਤ ​​ਦਾ ਡਰ ਆਦਿ ਨਹੀਂ ਹੁੰਦੇ। ਮਾਤਾ ਦੀ ਕਿਰਪਾ ਨਾਲ ਸਾਰੇ ਭਗਤ ਡਰ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦੇ ਹਨ।

 

ਭਗਤਾਂ ਵਲੋਂ ਮਾਂ ਕਾਲਰਾਤਰੀ ਦੀ ਮੂਰਤੀ ਨੂੰ ਆਪਣੇ ਹਿਰਦੇ ਵਿੱਚ ਰੱਖ ਕੇ ਪੂਰੀ ਸ਼ਰਧਾ ਨਾਲ ਇਸ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਯਮ, ਨਿਆਮ ਅਤੇ ਸੰਯਾਮ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਮਨ, ਬਾਣੀ ਅਤੇ ਸਰੀਰ ਦੀ ਸ਼ੁੱਧਤਾ ਬਣਾਈ ਰੱਖਣੀ ਚਾਹੀਦੀ ਹੈ। ਇਹ ਸ਼ੁੱਭ ਫਲ ਦੇਣ ਵਾਲੀ ਦੇਵੀ ਹੈ। ਇਸ ਦੀ ਭਗਤੀ ਨਾਲ  ਮਿਲਣ ਵਾਲੇ ਸ਼ੁਭ ਲਾਭ ਗਿਣੇ ਨਹੀਂ ਜਾ ਸਕਦੇ। ਭਗਤਾਂ ਨੂੰ ਲਗਾਤਾਰ ਦੇਵੀ ਨੂੰ ਯਾਦ ਕਰਕੇ, ਉਸਦੀ ਸਿਮਰਨਾ ਅਤੇ ਭਗਤੀ ਕਰਨੀ ਚਾਹੀਦੀ ਹੈ। ਇਸ ਦਿਨ ਨੀਲੇ, ਲਾਲ ਅਤੇ ਚਿੱਟੇ ਰੰਗਾਂ ਵਾਲੇ ਪਹਿਨਾਵੇ ਵਰਤੋਂ ਕਰਨੀ ਚਾਹੀਦੀ ਹੈ।

 

ਨਵਰਾਤਰੀ ਦੇ ਸੱਤਵੇਂ ਦਿਨ ਉਸਦੀ ਪੂਜਾ ਨੂੰ ਯੋਗੀਆਂ ਅਤੇ ਸਾਧਕਾਂ ਦੁਆਰਾ ਵਿਸ਼ੇਸ਼ ਤੌਰ 'ਤੇ ਉੱਚ ਮਹੱਤਤਾ ਦਿੱਤੀ ਜਾਂਦੀ ਹੈ। 

 

ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਪ੍ਰਗਟ ਹੋਣ ਸਮੇਂ ਬ੍ਰਹਿਮੰਡ ਦੀ ਰਚਨਾ ਤੋਂ ਪਹਿਲਾਂ ਮਾਂ ਕਾਲਰਾਤਰੀ ਨੇ ਹੀ ਇੰਨ੍ਹਾਂ ਤਿੰਨ ਰੂਪਾਂ ਦੀ ਰਚਨਾ ਕੀਤੀ ਸੀ। 

ਕਾਲਰਾਤਰੀ ਨੂੰ ਮਹਾਮਾਯਾ, ਮਹਾਮਾਰੀ, ਮਹਾਕਾਲੀ, ਸ਼ੁਧਾ, ਤ੍ਰਿਸ਼ਾ, ਨਿਦ੍ਰਾ, ਤ੍ਰਿਸ਼ਨਾ, ਏਕਵੀਰਾ ਅਤੇ ਦੁਰਤਯਾ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। 

ਆਪਣੀਆਂ ਜਾਦੂਮਈ ਅੱਖਾਂ ਨਾਲ, ਮਾਂ ਆਪਣੇ ਸ਼ਰਧਾਲੂਆਂ 'ਤੇ ਕਿਰਪਾ ਦੀ ਵਰਖਾ ਕਰਦੀ ਹੈ। 

 

 

 

ਜਾਣੋ ਕੀ ਹੈ ਦੇਵੀ ਕਾਲਰਾਤਰੀ ਦੀ ਪੂਜਾ ਵਿਧੀ, ਆਰਤੀ ਸਮੇਤ ਪੂਰੀ ਜਾਣਕਾਰੀ... 

 

 

9 ਅਕਤੂਬਰ 2024 ਸ਼ੁਭ ਸਮਾਂ/  ਸ਼ੁਭ ਮੁਹੂਰਤ

 

- ਸਵੇਰੇ 06:25 ਤੋਂ 07:52 ਤੱਕ

- ਸਵੇਰੇ 07:52 ਤੋਂ 09:19 ਤੱਕ

- ਸਵੇਰੇ 10:46 ਵਜੇ ਤੋਂ ਦੁਪਹਿਰ 12:14 ਵਜੇ ਤੱਕ

- 03:08 ਤੋਂ 04:35 ਵਜੇ ਤੱਕ

- 04:35 ਤੋਂ 06:02 ਵਜੇ ਤੱਕ

 

 ਦੇਵੀ ਕਾਲਰਾਤਰੀ ਕੀ ਪੂਜਾ ਵਿਧੀ-ਮੰਤਰ 

 

- 9 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ ਇਸ਼ਨਾਨ ਕਰਕੇ ਵਰਤ ਅਤੇ ਪੂਜਾ ਕਰਨ ਦਾ ਸੰਕਲਪ ਲਓ।

- ਘਰ 'ਚ ਕਿਸੇ ਸਾਫ-ਸੁਥਰੀ ਜਗ੍ਹਾ 'ਤੇ ਲੱਕੜ  ਦਾ ਫੱਟਾ ਲਗਾਓ ਅਤੇ ਉਸ 'ਤੇ ਦੇਵੀ ਕਾਲਰਾਤਰੀ ਦੀ ਤਸਵੀਰ ਵਿਰਾਜਮਾਨ ਕਰੋ।

- ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ, ਕੁਮਕੁਮ ਨਾਲ ਤਿਲਕ ਲਗਾਓ ਅਤੇ ਫੁੱਲਾਂ ਦੀ ਮਾਲਾ ਚੜ੍ਹਾਓ।

- ਚੌਲ, ਅਬੀਰ, ਗੁਲਾਲ ਆਦਿ ਚੀਜ਼ਾਂ ਨੂੰ ਇਕ-ਇਕ ਕਰਕੇ ਚੜ੍ਹਾਉਂਦੇ ਰਹੋ। 

 

ਭੋਗ ਪ੍ਰਸਾਦ

 

ਮਾਂ ਨੂੰ ਗੁੜ ਬਹੁਤ ਪਸੰਦ ਹੈ।

 

ਸਪਤਮੀ ਤਿਥੀ 'ਤੇ, ਦੇਵੀ ਭਗਵਤੀ ਦੀ ਪੂਜਾ ਦੌਰਾਨ, ਗੁੜ ਨੂੰ ਪ੍ਰਸ਼ਾਦ ਵਜੋਂ ਚੜ੍ਹਾ ਕੇ ਬ੍ਰਾਹਮਣ ਨੂੰ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਨੁੱਖ ਦੁੱਖਾਂ ਤੋਂ ਮੁਕਤ ਹੋ ਸਕਦਾ ਹੈ।

 

 

- ਹੇਠਾਂ ਲਿਖੇ ਮੰਤਰਾਂ ਅਤੇ ਸ਼ਲੋਕ ਦਾ ਜਾਪ ਕਰੋ 

 

ਇਹ ਮੰਤਰ ਅਤੇ ਸ਼ਲੋਕ ਸਰਲ ਅਤੇ ਸਪਸ਼ਟ ਹਨ, ਹਰ ਆਮ ਆਦਮੀ ਦੀ ਪੂਜਾ ਦੇ ਯੋਗ ਹਨ। ਮਾਂ ਜਗਦੰਬੇ ਦੀ ਭਗਤੀ ਪ੍ਰਾਪਤ ਕਰਨ ਲਈ, ਨਵਰਾਤਰੀ ਦੇ ਸੱਤਵੇਂ ਦਿਨ ਇੰਨ੍ਹਾਂ ਨੂੰ ਯਾਦ ਕਰਨਾ ਅਤੇ ਜਾਪ ਕਰਨਾ ਚਾਹੀਦਾ ਹੈ।  

 

ਬੀਜ ਮੰਤਰ 

 

ਓਮ ਹ੍ਰੀਮ ਕ੍ਰੀਮ ਕਾਲਰਾਤ੍ਰਾਯ ਨਮਃ | 

 

ਪੂਜਾ ਮੰਤਰ 

ਯਾ ਦੇਵੀ ਸਰ੍ਵਭੂਤੇਸ਼ੁ ਮਾਂ ਕਾਲਰਾਤ੍ਰੀ ਰੂਪੇਣ ਸਂਸ੍ਥਿਤਾ ॥ ਨਮਸ੍ਤੇਸ੍ਯੈ ਨਮਸ੍ਤੇਸ੍ਯੈ ਨਮਸ੍ਤੇਸ੍ਯੈ ਨਮੋ ਨਮਃ ।

 

ਅਰਥ: ਹੇ ਮਾਂ! ਅੰਬੇ, ਜੋ ਹਰ ਥਾਂ ਮੌਜੂਦ ਹੈ ਅਤੇ ਕਾਲਰਾਤਰੀ ਦੇ ਨਾਮ ਨਾਲ ਪ੍ਰਸਿੱਧ ਹੈ, ਮੈਂ ਤੈਨੂੰ ਵਾਰ ਵਾਰ ਨਮਸਕਾਰ ਕਰਦਾ ਹਾਂ। ਹੇ ਮਾਂ, ਮੈਨੂੰ ਪਾਪ ਤੋਂ ਮੁਕਤ ਕਰ ਦਿਓ।


Source babushahi