:

ਮਾਛੀਵਾੜਾ ਸਾਹਿਬ : ਪ੍ਰੇਮ ਵਿਆਹ ਮਗਰੋਂ ਲੜਕੀ ਨੇ ਕਿਉਂ ਕੀਤੀ ਖ਼ੁਦਕੁਸ਼ੀ ?


ਮਾਛੀਵਾੜਾ ਸਾਹਿਬ : ਪ੍ਰੇਮ ਵਿਆਹ ਮਗਰੋਂ ਲੜਕੀ ਨੇ ਕਿਉਂ ਕੀਤੀ ਖ਼ੁਦਕੁਸ਼ੀ ?

ਮਾਛੀਵਾੜਾ

ਮਾਛੀਵਾੜਾ ਸਾਹਿਬ ਦੇ ਪੰਸਾਰੀ ਚੌਂਕ ਨੇਡ਼੍ਹੇ ਆਪਣੇ ਮਾਪਿਆਂ ਘਰ ਆਈ ਨਵ ਵਿਆਹੁਤਾ ਲੜਕੀ ਅੰਜਲੀ (19) ਨੇ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਜਲੀ ਦਾ ਸੋਸ਼ਲ ਮੀਡੀਆ ਰਾਹੀਂ ਨੌਜਵਾਨ ਸ਼ਿਵ ਕੁਮਾਰ ਦਾਸ ਨਾਲ ਪ੍ਰੇਮ ਹੋ ਗਿਆ। ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਦਾ ਅਗਸਤ ਮਹੀਨੇ ’ਚ ਵਿਆਹ ਕਰਵਾ ਦਿੱਤਾ। ਲੜਕੀ ਆਪਣੇ ਪਤੀ ਨਾਲ ਤਪਾ ਵਿਖੇ ਰਹਿੰਦੀ ਸੀ ਅਤੇ 8 ਅਕਤੂਬਰ ਨੂੰ ਮਾਛੀਵਾੜ ਵਿਖੇ ਆਪਣੇ ਮਾਪਿਆਂ ਘਰ ਦੁਸਹਿਰਾ ਮੇਲਾ ਦੇਖਣ ਅਤੇ ਕਰਵਾਚੌਥ ਦਾ ਤਿਉਹਾਰ ਮਨਾਉਣ ਆਈ ਸੀ। 
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅੰਜਲੀ ਦੇ ਪਤੀ ਸ਼ਿਵ ਕੁਮਾਰ ਦਾਸ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ ਅਤੇ ਉਸ ਨੂੰ ਬਾਹਰੋਂ ਕੁੰਡਾ ਲਗਾ ਦਿੱਤਾ ਗਿਆ। ਕੁਝ ਸਮੇਂ ਬਾਅਦ ਉਸਦੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੂਜੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਅੰਜਲੀ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਉਨ੍ਹਾਂ ਦੱਸਿਆ ਕਿ ਅੰਜਲੀ ਨੇ ਛੱਤ ਦੀ ਹੁੱਕ ਨਾਲ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਥੱਲੇ ਉਤਾਰਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। 

      ਨਵ ਵਿਆਹੁਤਾ ਅੰਜਲੀ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾਚੌਥ ਸੀ ਜਿਸ ਦੀ ਉਹ ਚਾਵਾਂ ਨਾਲ ਤਿਆਰੀ ਕਰ ਰਹੀ ਸੀ। ਪਤੀ ਸ਼ਿਵ ਕੁਮਾਰ ਦਾਸ ਨੇ ਦੱਸਿਆ ਕਿ ਉਸਦੀ ਪਤਨੀ ਵਿਚ ਭੂਤ ਆਉਂਦੇ ਸਨ ਜਿਸ ਸਬੰਧੀ ਉਨ੍ਹਾਂ ਨੇ ਦਰਗਾਹਾਂ ’ਤੇ ਜਾ ਕੇ ਇਲਾਜ ਵੀ ਕਰਵਾਇਆ। 
ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਕਰਨੈਲ ਸਿੰਘ ਪੁੱਜੇ ਜਿਨ੍ਹਾਂ ਮੌਕੇ ਦਾ ਜਾਇਜ਼ਾ ਲਿਆ ਪਰ ਉਨ੍ਹਾਂ ਨੂੰ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ। ਕਰਨੈਲ ਸਿੰਘ ਨੇ ਕਿਹਾ ਕਿ ਪੁਲਸ ਨੇ ਲਾਸ਼ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Source babushahi