:

ਜ਼ਿਲ੍ਹਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਸਮਾਗਮ


ਜ਼ਿਲ੍ਹਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਸਮਾਗਮ

   ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਲਈ ਪੁਲੀਸ ਮੁਲਾਜ਼ਮਾਂ ਦੀਆਂ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ: ਐੱਸ ਐੱਸ ਪੀ

 ਬਰਨਾਲਾ

 ਦੇਸ਼ ਦੀ ਖਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਬਦੌਲਤ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨਾਂ ਕਰਕੇ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਤੇ ਖੁਸ਼ਹਾਲੀ ਬਰਕਰਾਰ ਹੈ।
 ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਅੱਜ ਬਰਨਾਲਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਨੂੰ ਸਮਰਪਿਤ ਸਮਾਗਮ ਦੌਰਾਨ ਕੀਤਾ।
     ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਗੌਰਵਮਈ ਅਤੇ ਸ਼ਾਨਾਮੱਤਾ ਹੈ, ਜਿਸ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਹਮੇਸ਼ਾ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
         ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸ਼ਹੀਦ ਹੋਏ ਪਰਿਵਾਰਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਈਏ ਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੀਏ।
 ਉਨ੍ਹਾਂ 21 ਅਕਤੂਬਰ ਦਿਨ ਦਾ ਇਤਿਹਾਸ ਦੱਸਦਿਆਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿਚ ਸੀ.ਆਰ.ਪੀ.ਐਫ. ਤੇ ਇਨਟੈਲੀਜੈਂਸ ਬਿਊਰੋ ਦੀ ਸਾਂਝੀ ਪੈਟਰੋਲਿੰਗ ਪਾਰਟੀ ਭਾਰਤ-ਚੀਨ ਦੀ ਸਰਹੱਦ 'ਤੇ ਗਸ਼ਤ ਕਰ ਰਹੀ ਸੀ ਤੇ ਇਸ ਪਾਰਟੀ ਵਿਚ ਕਰੀਬ 10 ਜਵਾਨ ਸ਼ਾਮਿਲ ਸਨ ਤੇ ਚੀਨੀ ਫੌਜਾਂ ਨੇ ਹਮਲਾ ਕਰ ਦਿੱਤਾ, ਪਰ ਜਵਾਨਾਂ ਨੇ ਬਹੁਤ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਤੇ ਉਨ੍ਹਾਂ ਨੂੰ ਆਪਣੀ ਮਾਤਰ ਭੂਮੀ ਵਿੱਚ ਦਾਖਿਲ ਨਹੀਂ ਹੋਣ ਦਿੱਤਾ। ਉਸੇ ਦਿਨ ਦੀ ਯਾਦ ਵਿਚ ਪੂਰੇ ਭਾਰਤ ਵਿਚ  'ਪੁਲਿਸ ਸ਼ਹੀਦੀ ਦਿਵਸ’ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 1960 ਵਿੱਚ ਕੀਤੀ ਗਈ। ਇਸ ਮੌਕੇ ਸੋਗ ਪਰੇਡ ਦੀ ਕਮਾਂਡ ਡੀ ਐੱਸ ਪੀ ਸਤਵੀਰ ਸਿੰਘ ਨੇ ਕੀਤੀ।
    ਇਸ ਮੌਕੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਬੀ.ਐੱਸ.ਤੇਜੀ ਅਤੇ ਐੱਸ.ਐੱਸ.ਪੀ ਸ੍ਰੀ ਸੰਦੀਪ ਕੁਮਾਰ ਮਲਿਕ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।
     ਇਸ ਮੌਕੇ ਸੀ ਜੇ ਐਮ ਬਰਨਾਲਾ ਮੁਨੀਸ਼ ਗਰਗ, ਐੱਸ ਡੀ ਐਮ ਮਹਿਲ ਕਲਾਂ ਹਰਕੰਵਲ ਜੀਤ ਸਿੰਘ, ਐੱਸ ਪੀ (ਐਚ) ਸੌਰਵ ਜਿੰਦਲ, ਐੱਸ ਪੀ (ਡੀ ) ਸੰਦੀਪ ਸਿੰਘ, ਡੀ ਐਸ ਪੀ (ਐਚ) ਪਰਮਜੀਤ ਸਿੰਘ, ਡੀ ਐਸ ਪੀ (ਸਪੈਸ਼ਲ ਬ੍ਰਾਂਚ) ਬਲਜੀਤ ਸਿੰਘ, ਡੀ ਐਸ ਪੀ (ਡੀ) ਰਵਿੰਦਰ ਸਿੰਘ, ਜ਼ਿਲ੍ਹਾ ਸਿਵਲ ਪ੍ਰਸ਼ਾਸਨ, ਜੁਡੀਸ਼ੀਅਲ ਅਧਿਕਾਰੀ, ਸਮੂਹ ਮੁੱਖ ਅਫ਼ਸਰ ਥਾਣਾ, ਇੰਚਾਰਜ ਸੀ.ਆਈ.ਏ. ਸਟਾਫ਼, ਬਰਨਾਲਾ, ਰਿਟਾਇਰਡ ਪੁਲਿਸ ਕਰਮਚਾਰੀ ਅਤੇ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।