ਅਣਪਛਾਤੇ ਨੌਜਵਾਨਾਂ ਨੇ ਆੜਤੀਏ ਦਾ ਗੋਲੀਆਂ ਮਾਰ ਕੀਤਾ ਕਤਲ
- Admin Default
- 24 Oct, 2024 06:04
ਅਣਪਛਾਤੇ ਨੌਜਵਾਨਾਂ ਨੇ ਆੜਤੀਏ ਦਾ ਗੋਲੀਆਂ ਮਾਰ ਕੀਤਾ ਕਤਲ
- ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਪਰਿਵਾਰ ਨੂੰ ਦਿੱਤਾ ਭਰੋਸਾ ਜਲਦ ਫੜੇ ਜਾਣਗੇ ਕਾਤਲ
ਬਾਬਾ ਬਕਾਲਾ ਸਾਹਿਬ
ਅੰਮ੍ਰਿਤਸਰ ਦਿਹਾਤੀ ਦੇ ਵਿੱਚ ਆਏ ਦਿਨ ਅਪਰਾਧਿਕ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਜਿਸ ਕਾਰਨ ਆਮ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਬਾਅਦ ਦੁਪਹਿਰ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਸਠਿਆਲਾ ਦੀ ਦਾਣਾ ਮੰਡੀ ਦੇ ਵਿੱਚ ਸ਼ਰੇਆਮ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਸਾਬਕਾ ਸਰਪੰਚ ਗੁਰਦੀਪ ਸਿੰਘ ਗੋਖਾ ਦੇ ਉੱਤੇ ਦਾਣਾ ਮੰਡੀ ਦੇ ਵਿੱਚ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਬਦਮਾਸ਼ਾਂ ਵੱਲੋਂ ਕਰੀਬ ਪੰਜ ਫਾਇਰ ਚਲਾਏ ਗਏ ਅਤੇ ਚਾਰ ਫਾਇਰ ਪੁਲਿਸ ਦੇ ਕਹਿਣ ਅਨੁਸਾਰ ਆੜਤੀਆ ਅਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਗੋਖਾ ਨੂੰ ਲੱਗੇ।।
ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਅੰਮ੍ਰਿਤਸਰ ਦਿਹਾਤੀ ਹਰਿੰਦਰ ਸਿੰਘ ਗਿੱਲ ਅਤੇ ਡੀਐਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਨੇ ਦੱਸਿਆ ਕੀ ਅੱਜ ਬਾਅਦ ਦੁਪਹਿਰ ਕਰੀਬ ਡੇਢ ਤੋਂ 2 ਵਜੇ ਦਰਮਿਆਨ ਦਾਣਾ ਮੰਡੀ ਸਠਿਆਲਾ ਦੇ ਵਿੱਚ ਆੜਤੀਆ ਤੇ ਪਿੰਡ ਸਠਿਆਲਾ ਤੋਂ ਸਾਬਕਾ ਸਰਪੰਚ ਗੁਰਦੀਪ ਸਿੰਘ ਗੋਖਾ ਆਪਣੀ ਆੜਤ ਦੇ ਉੱਤੇ ਮੌਜੂਦ ਸੀ ਕਿ ਇਸ ਦੌਰਾਨ ਦੋ ਬਾਈਕ ਸਵਾਰ ਅਣਪਛਾਤੇ ਨੌਜਵਾਨ ਉੱਥੇ ਪੁੱਜੇ ਅਤੇ ਗੁਰਦੀਪ ਸਿੰਘ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਜਿਸ ਨੂੰ ਜਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਿਜਾਣ ਦੇ ਉੱਤੇ ਗੁਰਦੀਪ ਸਿੰਘ ਦੀ ਮੌਤ ਹੋ ਗਈ।
ਉਹਨਾਂ ਦੱਸਿਆ ਕਿ ਘਟਨਾਕ੍ਰਮ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਇਲਾਕੇ ਵਿੱਚ ਨਾਕੇਬੰਦੀ ਕਰਨ ਤੋਂ ਇਲਾਵਾ ਮੌਕਾ ਵਾਰਦਾਤ ਤੇ ਪਹੁੰਚ ਕੇ ਨਜ਼ਦੀਕੀ ਹਾਜਰ ਲੋਕਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਫੋਰੈਂਸਿਕ ਟੀਮਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਂਦੇਆਂ ਸਬੂਤ ਇਕੱਤਰ ਕੀਤੇ ਜਾ ਰਹੇ ਹਨ।।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਘਟਨਾ ਸਥਾਨ ਦੇ ਨੇੜੇ ਕੋਈ ਵੀ ਸੀਸੀਟੀਵੀ ਨਾ ਲੱਗਿਆ ਹੋਣ ਕਾਰਨ ਪੁਲਿਸ ਵੱਲੋਂ ਮੰਡੀ ਦੇ ਦੋਨੋਂ ਤਰਫ ਚਲਦੇ ਬਟਾਲਾ ਬਾਬਾ ਬਕਾਲਾ ਸਾਹਿਬ ਮੁੱਖ ਮਾਰਗ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਫਿਲਹਾਲ ਮੁੱਢਲੀ ਪੁੱਛ ਪੜਤਾਲ ਦੇ ਦੌਰਾਨ ਪਰਿਵਾਰ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਅਤੇ ਸ਼ੁਰੂਆਤੀ ਤੌਰ ਦੇ ਉੱਤੇ ਉਕਤ ਮਾਮਲਾ ਕਥਿਤ ਪੁਰਾਣੀ ਰੰਜਿਸ਼ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ।
ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਖ ਵੱਖ ਐਂਗਲ ਦੇ ਉੱਤੇ ਕੰਮ ਕਰ ਰਹੀ ਹੈ ਅਤੇ ਪੁਲਿਸ ਦੀ ਕੋਸ਼ਿਸ਼ ਹੈ ਕਿ ਜਲਦ ਹੀ ਇਸ ਘਟਨਾ ਵਿੱਚ ਸ਼ਾਮਿਲ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਮ੍ਰਿਤਕ ਗੁਰਦੀਪ ਸਿੰਘ ਗੋਖਾ ਉਮਰ ਕਰੀਬ 40 ਸਾਲ, ਦਾਣਾ ਮੰਡੀ ਸਠਿਆਲਾ ਵਿੱਚ ਬਲ ਟਰੇਡਿੰਗ ਕੰਪਨੀ ਦੇ ਨਾਮ ਤੇ ਆੜਤ ਚਲਾਉਂਦਾ ਸੀ।।
ਉਕਤ ਘਟਨਾ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸਿੰਘ ਵੱਲੋਂ ਪਿੰਡ ਸਠਿਆਲਾ ਵਿੱਚ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੁਲਿਸ ਵੱਲੋਂ ਇਸ ਘਟਨਾਕ੍ਰਮ ਦੇ ਵਿੱਚ ਬਣਦੀਆਂ ਧਾਰਾਵਾਂ ਦੇ ਤਹਿਤ ਥਾਣਾ ਬਿਆਸ ਵਿੱਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
Source babushahi







