ਮਾਨਸਾ ਪੁਲਿਸ ਨੇ ਪੈਟਰੋਲ ਪੰਪ ਤੇ ਹੋਏ ਗਰਨੇਡ ਧਮਾਕੇ ਪਿੱਛੋਂ ਫਿਰੌਤੀ ਮੰਗਣ ਦੀ ਗੁੱਥੀ ਸੁਲਝਾਈ
- Admin Default
- 12 Nov, 2024 13:52
ਮਾਨਸਾ ਪੁਲਿਸ ਨੇ ਪੈਟਰੋਲ ਪੰਪ ਤੇ ਹੋਏ ਗਰਨੇਡ ਧਮਾਕੇ ਪਿੱਛੋਂ ਫਿਰੌਤੀ ਮੰਗਣ ਦੀ ਗੁੱਥੀ ਸੁਲਝਾਈ
ਅਸ਼ੋਕ ਵਰਮਾ
ਮਾਨਸਾ
: ਮਾਨਸਾ ਪੁਲਿਸ ਨੇ ਕੁੱਝ ਦਿਨ ਪਹਿਲਾਂ ਸ਼ਹਿਰ ਦੇ ਇੱਕ ਪੈਟਰੋਲ ਪੰਪ ਤੇ ਗਰਨੇਡ ਨਾਲ ਕੀਤੇ ਧਮਾਕੇ ਮਗਰੋਂ ਫਿਰੌਤੀ ਮੰਗਣ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਪੁਲਿਸ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਮਲਾ ਕਨੇਡਾ ਸਥਿਤ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨੇ ਕਰਵਾਇਆ ਸੀ।ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਏਆਈਜੀ ਅਵਨੀਤ ਕੌਰ ਸਿੱਧੂ , ਇੰਸਪੈਕਟਰ ਪਰਮਜੀਤ ਸਿੰਘ ਅਤੇ ਮਾਨਸਾ ਪੁਲਿਸ ਦੀਆਂ ਟੀਮਾਂ ਨੇ 27 ਅਕਤੂਬਰ ਨੂੰ ਸਿਰਸਾ ਰੋਡ ਮਾਨਸਾ ਤੇ ਕਰੀਬ ਰਾਤ ਨੂੰ 01:31 ਵਜੇ ਹੋਏ ਬੰਬ ਧਮਾਕੇ ਸਬੰਧੀ ਸ਼ਿਮਲਾ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਘਰਾਗਣਾ ਨੂੰ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਦੱਈ ਖੁਸ਼ਵਿੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਮਾਨਸਾ ਨੇ ਬਿਆਨ ਕੀਤਾ ਕਿ ਉਸਦਾ ਸਿੱਧੂ ਪੈਟਰੋ ਸਰਵਿਸ ਜੋ ਸਿਰ 26/27 ਅਕਤੂਬਰ 2024 ਦੀ ਦਰਮਿਆਨੀ ਰਾਤ ਨੂੰ ਕਰੀਬ 01:31 ਪਰ ਪੰਪ ਦੇ ਬਾਹਰਲੇ ਪਾਸੇ ਬੋਰਡਾਂ ਕੋਲ ਜੋ ਡਰੇਨ ਬਣਿਆ ਹੋਇਆ ਹੈ ਉਸ ਵਿੱਚ ਕੋਈ ਧਮਾਕਾ ਹੋਇਆ ਹੈ। ਉਸ ਦੇ ਮੋਬਾਇਲ ਤੇ ਇੱਕ ਬਾਹਰਲੇ ਨੰਬਰ +447796170634 ਤੋ 5 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਹੈ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਉਹਨਾਂ ਦੱਸਿਆ ਕਿ ਇਸ ਵਾਰਦਾਤ ਸਬੰਧੀ ਥਾਣਾ ਸਿਟੀ-1 ਮਾਨਸਾ ਵਿੱਚ ਮੁਕੱਦਮਾ ਨੰਬਰ 139 ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਮਾਨਸਾ ਪੁਲਿਸ ਨੇ ਤੁਰੰਤ ਇਸ ਮਾਮਲੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਸੰਗਠਿਤ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਅਤੇ ਇਹ ਤਸਦੀਕ ਕੀਤਾ ਕਿ ਮਾਨਸਾ ਪੈਟਰੋਲ ਸਟੇਸ਼ਨ 'ਤੇ ਹਮਲਾ ਕੈਨੇਡਾ ਸਥਿਤ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੁਆਰਾ ਕਰਵਾਇਆ ਗਿਆ ਸੀ। ਹਮਲੇ ਵਿੱਚ ਵਰਤੇ ਗਏ ਹੈਂਡ ਗ੍ਰਨੇਡ ਨੂੰ ਅਰਸ਼ ਡੱਲਾ ਦੇ ਮੁੱਖ ਸਾਥੀਆਂ ਵਿੱਚੋਂ ਇੱਕ ਸ਼ਿਮਲਾ ਸਿੰਘ, ਜੋ ਕਿ ਪਿੰਡ ਘਰਾਂਗਣਾ, ਥਾਣਾ ਸਦਰ ਮਾਨਸਾ, ਜ਼ਿਲ੍ਹਾ ਮਾਨਸਾ ਦੇ ਇੱਕ ਨਾਮਵਰ ਅਪਰਾਧੀ ਨੇ ਅੰਜਾਮ ਦਿੱਤਾ ਸੀ, ਜੋ ਅਰਸ਼ ਡੱਲਾ ਨਾਲ ਲੰਬੇ ਸਮੇਂ ਤੋਂ ਸੰਪਰਕ ਵਿੱਚ ਸੀ। ਇਹ ਘਟਨਾ ਅਰਸ਼ ਡੱਲਾ ਅਤੇ ਉਸਦੇ ਸਾਥੀਆਂ ਦੁਆਰਾ ਕੀਤੀਆਂ ਜਾ ਰਹੀਆਂ ਦਹਿਸ਼ਤੀ ਗਤੀਵਿਧੀਆਂ ਦੇ ਇੱਕ ਨੈਟਵਰਕ ਦਾ ਹਿੱਸਾ ਹੈ।
ਉਨ੍ਹਾਂ ਦੱਸਿਆ ਕਿ ਸ਼ਿਮਲਾ ਸਿੰਘ ਪਹਿਲਾਂ ਵੀ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ, ਜੋ ਕਿ ਅਰਸ਼ ਡੱਲਾ ਦੁਆਰਾ ਤਿਆਰ ਕੀਤਾ ਗਿਆ ਇੱਕ ਟਾਰਗੇਟਿੰਗ ਮਾਡਿਊਲ ਹੈ, ਜੋ ਕਿ ਸਤੰਬਰ 2023 ਵਿੱਚ ਪਹਿਲਾਂ ਤੋਂ ਤਿਆਰ ਕੀਤਾ ਗਿਆ ਸੀ। ਉਸ ਘਟਨਾ ਵਿੱਚ ਸ਼ਿਮਲਾ ਸਿੰਘ ਨੂੰ ਉੱਤਰਾਖੰਡ ਦੇ ਹਰਮਨ ਨਾਮ ਦੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ ਪ੍ਰਤੂੰ ਅਰਸ਼ ਡੱਲਾ ਦੀ ਯੋਜਨਾ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਿਆ ਅਤੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਬਠਿੰਡਾ ਵੱਲੋਂ ਸ਼ਿਮਲਾ ਸਿੰਘ ਨੂੰ 03 ਪਿਸਤੌਲਾਂ ਸਮੇਤ 20.04.2023 ਨੂੰ ਮੁੱਕਦਮਾ ਨੰਬਰ 48 ਮਿਤੀ 20.04.2023 ਅ/ਧ 25, 27,54, 59 ਆਰਮਜ਼, 120-ਬੀ ਆਈ.ਪੀ.ਸੀ., ਥਾਣਾ ਸਦਰ ਬਠਿੰਡਾ ਵਿੱਚ ਗ੍ਰਿਫਤਾਰ ਕੀਤਾ ਗਿਆ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸ਼ਿਮਲਾ ਸਿੰਘ ਨੇ ਵਾਰਦਾਤ ਵਿਚ ਵਰਤੇ ਗਏ ਹੈਂਡ ਗ੍ਰੇਨੇਡ ਨੂੰ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਇਲਾਕੇ ਤੋਂ ਲਿਆਂਦਾ ਸੀ।ਮਾਨਸਾ ਪੈਟਰੋਲ ਪੰਪ ਹੈਂਡ ਗ੍ਰੇਨੇਡ ਧਮਾਕੇ ਵਿੱਚ ਸ਼ਿਮਲਾ ਦੀ ਸ਼ਮੂਲੀਅਤ ਤੋਂ ਇਲਾਵਾ, ਉਸਨੇ ਅਰਸ਼ ਡਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਹਰੀ ਨੌ, ਜਿਲ੍ਹਾ ਫਰੀਦਕੋਟ ਦੇ ਗੁਰਪ੍ਰੀਤ ਸਿੰਘ ਦੇ ਕਤਲ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੂਟਰ ਨਵਜੋਤ ਸਿੰਘ ਅਤੇ ਅਨਮੋਲ ਸਿੰਘ ਨੂੰ ਸਾਜੋ ਸਾਮਾਨ ਪ੍ਰਦਾਨ ਕਰਾਉਣ ਵਿੱਚ ਸਹਾਇਤਾ ਕੀਤੀ ਸੀ।
Source babushahi







