ਨਿਊਯਾਰਕ 'ਚ ਗੌਤਮ ਅਡਾਨੀ 'ਤੇ ਧੋਖਾਧੜੀ-ਰਿਸ਼ਵਤਖੋਰੀ ਦਾ ਦੋਸ਼
- Admin Default
- 21 Nov, 2024 06:05
ਨਿਊਯਾਰਕ 'ਚ ਗੌਤਮ ਅਡਾਨੀ 'ਤੇ ਧੋਖਾਧੜੀ-ਰਿਸ਼ਵਤਖੋਰੀ ਦਾ ਦੋਸ਼
ਨਿਊਯਾਰਕ
ਨਿਊਯਾਰਕ ਦੀ ਸੰਘੀ ਅਦਾਲਤ 'ਚ ਹੋਈ ਸੁਣਵਾਈ 'ਚ ਗੌਤਮ ਅਡਾਨੀ ਸਮੇਤ 8 ਲੋਕਾਂ 'ਤੇ ਅਰਬਾਂ ਡਾਲਰ ਦੀ ਧੋਖਾਧੜੀ ਅਤੇ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਗਿਆ ਹੈ। ਸੰਯੁਕਤ ਰਾਜ ਦੇ ਅਟਾਰਨੀ ਦਫਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਨਾਲ ਸਬੰਧਤ ਠੇਕੇ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ (ਕਰੀਬ 2110 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦਾ ਵਾਅਦਾ ਕੀਤਾ ਸੀ।
ਅਡਾਨੀ ਤੋਂ ਇਲਾਵਾ ਸਾਗਰ ਅਡਾਨੀ, ਵਿਨੀਤ ਐਸ ਜੈਨ, ਰਣਜੀਤ ਗੁਪਤਾ, ਸਿਰਿਲ ਕੈਬੇਨਿਸ, ਸੌਰਭ ਅਗਰਵਾਲ, ਦੀਪਕ ਮਲਹੋਤਰਾ ਅਤੇ ਰੁਪੇਸ਼ ਅਗਰਵਾਲ ਸ਼ਾਮਲ ਹਨ। ਅਡਾਨੀ 'ਤੇ ਰਿਸ਼ਵਤ ਦੀ ਇਹ ਰਕਮ ਇਕੱਠੀ ਕਰਨ ਲਈ ਅਮਰੀਕੀ, ਵਿਦੇਸ਼ੀ ਨਿਵੇਸ਼ਕਾਂ ਅਤੇ ਬੈਂਕਾਂ ਨਾਲ ਝੂਠ ਬੋਲਣ ਦਾ ਦੋਸ਼ ਹੈ।
ਸਾਗਰ ਅਤੇ ਵਿਨੀਤ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਅਧਿਕਾਰੀ ਹਨ। ਸਾਗਰ ਗੌਤਮ ਅਡਾਨੀ ਦਾ ਭਤੀਜਾ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਗੌਤਮ ਅਡਾਨੀ ਅਤੇ ਸਾਗਰ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਇਹ ਕੇਸ ਅਮਰੀਕਾ ਵਿਚ ਇਸ ਲਈ ਦਰਜ ਕੀਤਾ ਗਿਆ ਸੀ ਕਿਉਂਕਿ ਅਮਰੀਕੀ ਨਿਵੇਸ਼ਕਾਂ ਦਾ ਪੈਸਾ ਇਸ ਪ੍ਰਾਜੈਕਟ ਵਿਚ ਲਗਾਇਆ ਗਿਆ ਸੀ ਅਤੇ ਅਮਰੀਕੀ ਕਾਨੂੰਨ ਦੇ ਤਹਿਤ ਉਸ ਪੈਸੇ ਨੂੰ ਰਿਸ਼ਵਤ ਵਜੋਂ ਦੇਣਾ ਅਪਰਾਧ ਹੈ।
ਬੁੱਧਵਾਰ ਨੂੰ ਹੀ ਅਡਾਨੀ ਨੇ 20 ਸਾਲ ਦੇ ਗ੍ਰੀਨ ਬਾਂਡ ਦੀ ਵਿਕਰੀ ਤੋਂ 600 ਮਿਲੀਅਨ ਡਾਲਰ ਜੁਟਾਉਣ ਦਾ ਐਲਾਨ ਕੀਤਾ ਸੀ। ਕੁਝ ਘੰਟਿਆਂ ਬਾਅਦ, ਉਸ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ।
Source babushahi







