ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਲਾਏ ਬਠਿੰਡਾ ਪੁਲਿਸ ਵੱਲੋਂ ਕਿਸਾਨਾਂ ਤੇ ਜਬਰ ਕਰਨ ਦੇ ਦੋਸ਼
- Admin Default
- 23 Nov, 2024 04:40
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਲਾਏ ਬਠਿੰਡਾ ਪੁਲਿਸ ਵੱਲੋਂ ਕਿਸਾਨਾਂ ਤੇ ਜਬਰ ਕਰਨ ਦੇ ਦੋਸ਼
ਬਠਿੰਡਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਠਿੰਡਾ ਪੁਲਿਸ ਤੇ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਤੇ ਜਬਰ ਕਰਨ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਦੇ ਦੋਸ਼ ਲਾਏ ਹਨ। ਕਿਸਾਨਾਂ ਨੇ ਕਿਹਾ ਕਿ ਵੀਰਵਾਰ ਨੂੰ ਪੰਜਾਬ ਸਰਕਾਰ ਨੇ ਪੁਲਿਸ ਦੇ ਜ਼ੋਰ ਤੇ ਪਿੰਡ ਦੁੱਨੇਆਣਾ ,ਭਗਵਾਨਗੜ ਅਤੇ ਸ਼ੇਰਗੜ੍ਹ ਦੀ ਭਾਰਤ ਮਾਲਾ ਸੜਕ ਅਧੀਨ ਅਕਵਾਇਰ ਕੀਤੀ ਜਮੀਨ ਦਾ ਬਿਨਾਂ ਮੁਆਵਜ਼ਾ ਦਿੱਤੇ ਜਾਂ ਨਿਗੂਣਾ ਮੁਆਵਜ਼ਾ ਦੇ ਕੇ ਉਹ ਵੀ ਸਾਂਝੇ ਖਾਤੇ ਦੇ ਬਿਨਾਂ ਕਾਬਜ਼ ਕਿਸਾਨਾਂ ਨੂੰ, ਕਬਜ਼ਾ ਕਰ ਲਿਆ ਸੀ ਜਿੱਥੇ ਸਿਰਫ 48 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਇਸ ਦੇ ਆਸੇ ਪਾਸੇ ਪਿੰਡਾਂ ਵਿੱਚ 82 ਤੋਂ 92 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਮੀਨ ਦਾ ਮੁਆਵਜ਼ਾ ਦਿੱਤਾ ਗਿਆ ਹੈ।

ਇਸ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਪੁਲਿਸ ਦੇ ਰੋਕਾਂ ਤੋੜਦੇ ਹੋਏ ਵੱਡੀ ਪੱਧਰ ਤੇ ਕਿਸਾਨ ਸਮੇਤ ਔਰਤਾਂ ਨੇ ਜਬਰੀ ਕਿਤੇ ਕਬਜ਼ੇ ਵਾਲੀ ਜਮੀਨ ਤੇ ਕਿਸਾਨਾਂ ਦਾ ਕਬਜ਼ਾ ਕਰਵਾਉਣ ਲਈ ਅੱਗੇ ਵਧੇ ਤਾਂ ਭਾਰੀ ਪੁਲਿਸ ਫੋਰਸ ਵੱਲੋਂ ਕਿਸਾਨਾਂ ਉੱਪਰ ਅਥਰੂ ਗੈਸ ਦੇ ਗੋਲੇ ਦਾਗੇ ਗਏ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਲਾਠੀ ਚਾਰਜ ਕੀਤਾ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਜ਼ਖਮੀ ਹੋ ਗਏ ਇਸ ਦੇ ਬਾਵਜੂਦ ਵੀ ਕੁਝ ਔਰਤਾਂ ਜਬਰੀ ਕਬਜ਼ੇ ਕੀਤੇ ਜਮੀਨ ਤੇ ਪਹੁੰਚ ਗਈਆਂ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਹਕੂਮਤ ਦੇਸ਼ ਦੇ ਮਾਲ ਖਜ਼ਾਨੇ ਅਤੇ ਜਮੀਨਾਂ ਤੇ ਸਾਮਰਾਜੀ ਕੌਮੀ ਬਹੁ ਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਪੁਲਿਸ ਅਤੇ ਫੌਜ ਦੀਆਂ ਧਾੜਾਂ ਚਾੜ ਕੇ ਲੋਕਾਂ ਤੇ ਜਬਰ ਕਰ ਰਹੀ ਉਹਨਾਂ ਦਾ ਨਿਰਵਿਘਨ ਵਪਾਰ ਚਲਾਉਣ ਲਈ ਕਿਸਾਨਾਂ ਦੀਆਂ ਜਮੀਨਾਂ ਰੋਕ ਕੇ ਵੱਡੀਆਂ ਵੱਡੀਆਂ ਸੜਕਾਂ ਕੱਡੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸੇ ਨੀਤੀ ਤੇ ਚਲਦਿਆਂ ਪਿੰਡਾਂ ਦੀਆਂ ਸੱਥਾਂ ਚੋਂ ਚੱਲਣ ਵਾਲੀ ਭਗਵੰਤ ਮਾਨ ਦੀ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ ਜਿਸ ਨੇ ਕਿਹਾ ਸੀ ਕਿ ਕਿਸਾਨਾਂ ਦੀ ਸਹਿਮਤੀ ਬਿਨਾਂ ਕਿਸਾਨ ਜਮੀਨ ਦਾ ਇੱਕ ਇੰਚ ਵੀ ਧੱਕੇ ਨਾਲ ਨਹੀਂ ਖੋਹਿਆ ਜਾਵੇਗਾ।
ਉਹਨਾਂ ਕਿਹਾ ਕਿ ਪਰ ਅੱਜ ਤਿੰਨ ਪਿੰਡਾਂ ਦੀ ਜਮੀਨ ਤੇ ਭਾਰੀ ਫੋਰਸ ਲਾ ਕੇ ਕਬਜ਼ਾ ਕਰ ਲਿਆ ਹੈ ਅਤੇ ਵਿਰੋਧ ਕਰ ਰਹੇ ਕਿਸਾਨਾਂ ਤੇ ਬੁਰੀ ਤਰ੍ਹਾਂ ਜਬਰ ਢਾਹਿਆ ਗਿਆ ਹੈ। ਅੱਜ ਹੋਏ ਲਾਠੀਚਾਰਜ ਤੋਂ ਬਾਅਦ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਦੀਆਂ ਜਬਤ ਕੀਤੀਆਂ ਗੱਡੀਆਂ ਅਤੇ ਗਿਰਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਜਿਸ ਤੋਂ ਬਾਅਦ ਗੱਡੀਆਂ ਤੇ ਕਿਸਾਨ ਤਾਂ ਛੱਡ ਦਿੱਤੇ ਗਏ ਪਰ ਜਿੰਨਾ ਚਿਰ ਉਸ ਜਮੀਨ ਤੇ ਕਿਸਾਨਾਂ ਦਾ ਮੁੜ ਕਬਜ਼ਾ ਨਹੀਂ ਹੁੰਦਾ ਉਨਾ ਚਿਰ ਗੱਲਬਾਤ ਨਹੀਂ ਕੀਤੀ ਜਾਵੇਗੀ। ਤਾਜ਼ਾ ਰਿਪੋਰਟਾਂ ਅਨੁਸਾਰ ਅੱਜ ਇੱਕ ਵਾਰ ਫਿਰ ਕਿਸਾਨਾਂ ਨੇ ਵਿਵਾਦਤ ਜਮੀਨ ਵੱਲ ਕੂਚ ਕਰਨ ਦਾ ਫੈਸਲਾ ਲਿਆ ਹੈ ਜਦੋਂ ਕਿ ਪੁਲਿਸ ਨੇ ਵੀ ਆਪਣੀਆਂ ਤਿਆਰੀਆਂ ਵਧਾ ਦਿੱਤੀਆਂ ਹਨ।
Source babushahi







