ਤਾਂਤਰਿਕ ਸਹੇਲੀ ਨਾਲ ਮਿਲ ਕੇ ਕਤਲ ਪਿੱਛੋਂ ਖੇਤ 'ਚ ਦੱਬਿਆ ਆਪਣਾ ਪਤੀ! ਦੋਵੇਂ ਗ੍ਰਿਫਤਾਰ
- Admin Default
- 25 Nov, 2024 07:43
ਤਾਂਤਰਿਕ ਸਹੇਲੀ ਨਾਲ ਮਿਲ ਕੇ ਕਤਲ ਪਿੱਛੋਂ ਖੇਤ 'ਚ ਦੱਬਿਆ ਆਪਣਾ ਪਤੀ! ਦੋਵੇਂ ਗ੍ਰਿਫਤਾਰ
ਬਠਿੰਡਾ
ਬਠਿੰਡਾ ਜ਼ਿਲ੍ਹੇ ਦੇ ਪਿੰਡ ਗਾਟਵਾਲੀ ਵਿੱਚ ਇੱਕ ਔਰਤ ਵੱਲੋਂ ਆਪਣੀ ਤਾਂਤਰਿਕ ਸਹੇਲੀ ਨਾਲ ਮਿਲ ਕੇ ਆਪਣੇ ਪਤੀ ਨੂੰ ਕਤਲ ਕਰਨ ਉਪਰੰਤ ਧਰਤੀ ਹੇਠ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਬਲਬੀਰ ਸਿੰਘ ਵਜੋਂ ਕੀਤੀ ਗਈ ਹੈ। ਥਾਣਾ ਤਲਵੰਡੀ ਸਾਬੋ ਪੁਲਿਸ ਨੇ ਇਸ ਹੱਤਿਆ ਮਾਮਲੇ ਵਿੱਚ ਸੁਖਬੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਤਲਵੰਡੀ ਸਾਬੋ, ਤਾਂਤਰਿਕ ਔਰਤ ਗੁਰਪ੍ਰੀਤ ਕੌਰ, ਉਸ ਦੇ ਪਿਤਾ ਲੀਲਾ ਸਿੰਘ, ਮਾਸੀ ਵੀਰਪਾਲ ਕੌਰ ਵਾਸੀ ਗਾਟਵਾਲੀ ਅਤੇ ਗੁਰਪ੍ਰੀਤ ਕੌਰ ਦੇ ਪਤੀ ਕੁਲਵਿੰਦਰ ਸਿੰਘ ਵਾਸੀ ਨੌਰੰਗ ਖ਼ਿਲਾਫ਼ ਕੇਸ ਦਰਜ ਕਰਕੇ ਸੁਖਬੀਰ ਕੌਰ ਤੇ ਗੁਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਕੌਰ ਨੇ ਪਿੰਡ ਦੀ ਤਾਂਤਰਿਕ ਔਰਤ ਨਾਲ ਮਿਲ ਕੇ ਆਪਣੇ ਪਤੀ ਬਲਵੀਰ ਸਿੰਘ ਵਾਸੀ ਤਲਵੰਡੀ ਸਾਬੋ ਦੀ ਸਿਰ ’ਚ ਘੋਟਣਾ ਮਾਰ ਕੇ ਕਤਲ ਕਰ ਅਤੇ ਖੁਰਦ ਬੁਰਦ ਕਰਨ ਦੇ ਮਕਸਦ ਨਾਲ ਲਾਸ਼ ਖੇਤ ਵਿੱਚ ਦੱਬ ਦਿੱਤੀ।
ਵਾਰਦਾਤ ਨੂੰ ਕਰੀਬ ਇੱਕ ਹਫਤਾ ਪਹਿਲਾਂ ਅੰਜਾਮ ਦਿੱਤਾ ਗਿਆ ਸੀ ਪਰ ਇਸ ਬਾਰੇ ਹੁਣ ਪਤਾ ਲੱਗਿਆ ਹੈ। ਡੀਐੱਸਪੀ ਤਲਵੰਡੀ ਸਾਬੋ ਰਾਜ਼ੇਸ ਸਨੇਹੀ ਨੇ ਦੱਸਿਆ ਕਿ ਬਲਵੀਰ ਸਿੰਘ ਦੇ ਭਰਾ ਪ੍ਰਲਾਦ ਸਿੰਘ ਵਾਸੀ ਤਲਵੰਡੀ ਸਾਬੋ ਨੇ ਕੱਲ੍ਹ ਆਪਣੇ ਭਰਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਤਲਵੰਡੀ ਸਾਬੋ ਥਾਣੇ ’ਚ ਦਰਜ ਕਰਵਾਈ ਸੀ ਕਿ ਉਸ ਦਾ ਭਰਾ 18 ਨਵੰਬਰ ਤੋਂ ਲਾਪਤਾ ਹੈ। ਸ਼ਿਕਾਇਤ ਵਿੱਚ ਉਸ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਸ ਦੇ ਭਰਾ ਬਲਵੀਰ ਸਿੰਘ ਦੀ ਉਸ ਦੀ ਭਰਜਾਈ ਸੁਖਬੀਰ ਕੌਰ ਨੇ ਹੱਤਿਆ ਕੀਤੀ ਹੈ। ਇਸ ਤੋਂ ਬਾਅਦ ਤਲਵੰਡੀ ਸਾਬੋ ਪੁਲੀਸ ਨੇ ਸੁਖਬੀਰ ਕੌਰ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗ ਗਿਆ ਕਿ ਬਲਵੀਰ ਸਿੰਘ ਦਾ ਕਤਲ ਕੀਤਾ ਗਿਆ ਹੈ।
ਪੁਲੀਸ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਸੁਖਬੀਰ ਕੌਰ ਪਿੰਡ ਗਾਟਵਾਲੀ ਵਿੱਚ ਤਾਂਤਰਿਕ ਗੁਰਪ੍ਰੀਤ ਕੌਰ ਕੋਲ ਪੁੱਛ ਲੈਣ ਦਾ ਬਹਾਨਾ ਬਣਾ ਕੇ ਆਉਂਦੀ ਜਾਂਦੀ ਰਹਿੰਦੀ ਸੀ ਜਿਸ ਦੇ ਚਲਦਿਆਂ ਦੋਵਾਂ ਵਿਚਕਾਰ ਦੋਸਤੀ ਹੋ ਗਈ। ਬਲਵੀਰ ਸਿੰਘ ਆਪਣੀ ਪਤਨੀ ਨੂੰ ਤਾਂਤਰਿਕ ਔਰਤ ਕੋਲ ਜਾਣ ਤੋਂ ਰੋਕਦਾ ਸੀ। ਸੁਖਬੀਰ ਕੌਰ ਨੇ ਆਪਣੇ ਪਤੀ ਨੂੰ ਰਾਹ ’ਚੋਂ ਹਟਾਉਣ ਲਈ ਤਾਂਤਰਿਕ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ। ਹੱਤਿਆ ਮਗਰੋਂ ਦੋਵਾਂ ਨੇ ਤਾਂਤਰਿਕ ਗੁਰਪ੍ਰੀਤ ਕੌਰ ਦੇ ਪਿਤਾ ਲੀਲਾ ਸਿੰਘ, ਮਾਸੀ ਵੀਰਪਾਲ ਕੌਰ ਗਾਟਵਾਲੀ ਅਤੇ ਗੁਰਪ੍ਰੀਤ ਦੇ ਪਤੀ ਕੁਲਵਿੰਦਰ ਸਿੰਘ ਵਾਸੀ ਨੌਰੰਗ ਨਾਲ ਮਿਲ ਕੇ ਲਾਸ਼ ਵੀਰਪਾਲ ਕੌਰ ਦੇ ਘਰ ਦੇ ਪਿਛਲੇ ਪਾਸੇ ਖੇਤ ’ਚ ਦੱਬ ਦਿੱਤੀ।ਪੁਲੀਸ ਨੇ ਗੁਰਪ੍ਰੀਤ ਨੂੰ ਨਾਲ ਲਿਆ ਕੇ ਡਿਊਟੀ ਮੈਜਿਸਟਰੇਟ ਦੀ ਦੇਖ ਰੇਖ ਹੇਠ ਖੇਤ ’ਚੋਂ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
Source babushahi







