ਰੂਪਨਗਰ: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਮਾਰੀ ਟੱਕਰ
- Admin Default
- 25 Nov, 2024 08:04
ਰੂਪਨਗਰ: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਮਾਰੀ ਟੱਕਰ
ਇੱਕ ਨੌਜਵਾਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ, ਦੂਸਰਾ ਗੰਭੀਰ ਰੂਪ ਵਿੱਚ ਫੱਟੜ
ਪੈਦਲ ਜਾ ਰਹੀ ਔਰਤ ਨੂੰ ਵੀ ਲਿਆ ਲਪੇਟ ਵਿਚ, ਔਰਤ ਜਖਮੀ
ਰੂਪਨਗਰ
ਅੱਜ ਸ਼ਾਮੀ ਕਸਬਾ ਘਨੌਲੀ ਵਿਖੇ ਨੈਸ਼ਨਲ ਹਾਈਵੇ ਉੱਤੇ ਇੱਕ ਸ਼ਰਾਬੀ ਹਾਲਤ ਵਿੱਚ ਤੇਜ਼ ਰਫਤਾਰ ਕਾਰ ਚਾਲਕ ਵੱਲੋਂ ਦੋ ਮੋਟਰਸਾਈਕਲ ਸਵਾਰਾਂ ਨੂੰ ਅਤੇ ਇੱਕ ਪੈਦਲ ਜਾ ਰਹੀ ਮਹਿਲਾਂ ਨੂੰ ਟੱਕਰ ਮਾਰੀ ਦਿੱਤੀ। ਇਸ ਘਟਨਾ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਮਹਿਲਾ ਅਤੇ ਦੂਸਰਾ ਮੋਟਰਸਾਈਕਲ ਸਵਾਰ ਗੰਭੀਰ ਰੂਪ ਜਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਘਲੌਲੀ ਬੱਸ ਸਟੈਂਡ ਦੇ ਨਜ਼ਦੀਕ ਘਨੌਲੀ ਤੋਂ ਨੂਰਪੁਰ ਬੇਦੀ ਵੱਲ ਨੂੰ ਜਾ ਰਹੀ ਤੇਜ਼ ਰਫਤਾਰ ਕਾਰ ਵੱਲੋਂ ਇੱਕ ਮੋਟਰਸਾਈਕਲ ਅਤੇ ਪੈਦਲ ਜਾ ਰਹੀ ਮਹਿਲਾ ਨੂੰ ਟੱਕਰ ਮਾਰ ਕੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਮੌਕੇ ਉੱਤੇ ਮੋਟਰਸਾਈਕਲ ਸਵਾਰ ਨੌਜਵਾਨ ਗੁਰਦਿਆਲ ਸਿੰਘ(42) ਪੁੱਤਰ ਜੋਗਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੂਸਰਾ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ ਪੁੱਤਰ ਸਰਵਨ ਸਿੰਘ ਨਿਵਾਸੀ ਨਾਨਕਪੁਰਾ ਅਤੇ ਪੈਦਲ ਜਾ ਰਹੀ ਮਹਿਲਾ ਕੁਲਦੀਪ ਕੌਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਕੁਲਵੀਰ ਸਿੰਘ ਨਸ਼ੇ ਦੀ ਹਾਲਤ ਵਿੱਚ ਸੀ।
ਇਸ ਮੌਕੇ ਸਰਕਾਰੀ ਹਸਪਤਾਲ ਰੋਪੜ ਦੇ ਐਮਰਜੈਂਸੀ ਵਾਰਡ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਰ ਚਾਲਕ ਦੇ ਪਰਿਵਾਰ ਵੱਲੋਂ ਉਸ ਨੂੰ ਦਿਮਾਗੀ ਤੌਰ ਤੇ ਪ੍ਰੇਸ਼ਾਨ ਦੱਸਦਿਆਂ ਧੱਕੇ ਨਾਲ ਐਂਬੂਲੈਂਸ ਵਿਚ ਬਿਠਾ ਕੇ ਚੰਡੀਗੜ੍ਹ ਰੈਫਰ ਕੀਤਾ ਦੱਸ ਕੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਹਾਜ਼ਰ ਡਾਕਟਰ ਵੱਲੋਂ ਕਾਰ ਚਾਲਕ ਨੂੰ ਰੈਫਰ ਕਰਨ ਦੀ ਗੱਲ ਨੂੰ ਨਕਾਰਦਿਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਕਾਰ ਚਾਲਕ ਨੂੰ ਮੌਕੇ ਤੇ ਥਾਣਾ ਸਿਟੀ ਲਿਜਾਇਆ ਗਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Source babushahi







