:

ਘਰ ਦੇ ਬਾਹਰ ਖੜੀ ਬਲੈਰੋ ਚੋਰੀ, ਪਰਚਾ ਦਰਜ


ਘਰ ਦੇ ਬਾਹਰ ਖੜੀ ਬਲੈਰੋ ਚੋਰੀ, ਪਰਚਾ ਦਰਜ 
 

ਜਗਰਾਉਂ

- ਇਲਾਕੇ ਅੰਦਰ ਬੇਖੌਫ ਘੁੰਮ ਰਹੇ ਚੋਰਾਂ ਵੱਲੋਂ ਘਰ ਦੇ ਬਾਹਰ ਖੜੀ ਬੁਲੈਰੋ ਪਿਕਅਪ ਵੈਨ ਨੂੰ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਬਾਰੇ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਜਗਰਾਉ ਦੇ ਏਐਸਆਈ ਰਣਧੀਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਡਿਸਪੋਜਲ ਰੋਡ ਜਗਰਾਉਂ ਨੇ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬਿਆਨ ਲਿਖਵਾਏ ਕਿ ਉਹ ਲੋਹੇ ਦੀ ਸਕਰੈਪ ਦਾ ਹੋਲਸੇਲ ਦਾ ਕੰਮ ਕਰਦਾ ਹੈ ਅਤੇ ਉਸ ਦੀ ਦੁਕਾਨ ਦੇ ਉੱਪਰ ਹੀ ਉਸ ਦੀ ਰਿਹਾਇਸ਼ ਹੈ। ਉਹ ਸ਼ਹਿਰ ਅਤੇ ਲਾਗਲੇ ਪਿੰਡਾਂ ਵਿੱਚੋਂ ਛੋਟੇ ਦੁਕਾਨਦਾਰਾਂ ਤੋਂ ਪੁਰਾਣਾ ਸਕਰੈਪ ਖਰੀਦ ਕੇ ਸਿੱਧੇ ਅੱਗੇ ਵੇਚਦਾ ਹੈ। 

ਉਸ ਪਾਸ ਢੋਆ ਢੋਆਈ ਲਈ ਚਾਰ ਆਪਣੀਆਂ ਗੱਡੀਆਂ ਹਨ ਅਤੇ ਉਹ ਆਪਣੀਆਂ ਗੱਡੀਆਂ ਰਾਤ ਸਮੇਂ ਆਪਣੀ ਦੁਕਾਨ ਦੇ ਬਾਹਰ ਸੜਕ ਉੱਤੇ ਹੀ ਖੜੀਆਂ ਕਰ ਦਿੰਦਾ ਹੈ। ਉਸ ਪਾਸ ਇੱਕ ਗੱਡੀ ਮਹਿੰਦਰਾ ਬੁਲੈਰੋ ਪਿਕਅਪ ਰੰਗ ਚਿੱਟਾ ਨੰਬਰ ਪੀ ਵੀ 13 ਐਮ 52 79 ਜੋ ਛੋਟੇ ਢੋਆ ਢਵਾਈ ਦੇ ਕੰਮਾਂ ਅਤੇ ਆਪਣੇ ਨਿੱਜੀ ਕੰਮ ਕਾਰ ਲਈ ਵੀ ਵਰਤਦਾ ਹੈ। ਉਸ ਨੇ ਉਕਤ ਬਲੈਰੋ ਗੱਡੀ ਆਪਣੇ ਘਰ ਦੇ ਬਾਹਰ ਹੀ ਸੜਕ ਉੱਤੇ ਤਾਲਾ ਲਗਾ ਕੇ ਖੜੀ ਕਰ ਦਿੱਤੀ ਅਤੇ ਉਕਤ ਬਲੈਰੋ ਗੱਡੀ ਤਿੰਨ ਚਾਰ ਦਿਨ ਤੋਂ ਹੀ ਉੱਥੇ ਖੜੀ ਰਹੀ। 

ਉਸ ਮੁਤਾਬਕ 23 ਨਵੰਬਰ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਉੱਪਰ ਜਾ ਕੇ ਸੌ ਗਿਆ ਤਾਂ ਉਸ ਨੂੰ 23 ਅਤੇ 24 ਦੀ ਦਰਮਿਆਨੀ ਰਾਤ ਦੇ ਡੇਢ ਵਜੇ ਘਰ ਦੇ ਬਾਹਰ ਕੋਈ ਖੜਾਕ ਸੁਣਿਆ। ਜਿਸ ਤੇ ਉਸ ਦੀ ਜਾਗ ਖੁੱਲ ਗਈ ਤਾਂ ਉਸਨੇ ਬਾਹਰ ਦੇਖਿਆ ਤਾਂ ਉਸ ਦੀ ਦੁਕਾਨ ਦੇ ਬਾਹਰ ਤਿੰਨ ਅਣਪਛਾਤੇ ਵਿਅਕਤੀ ਜਿਨਾਂ ਦੇ ਮੂੰਹ ਢਕੇ ਹੋਏ ਸਨ ਅਤੇ ਉਸ ਦੀ ਉਕਤ ਬਲੈਰੋ ਪਿਕਅਪ ਗੱਡੀ ਦੇ ਪਾਸ ਖੜੇ ਸਨ ਅਤੇ ਗੱਡੀ ਸਟਾਰਟ ਸੀ। ਉਸ ਮੁਤਾਬਕ ਉਸ ਨੇ ਜਦੋਂ ਸ਼ੋਰ ਮਚਾਇਆ ਤਾਂ ਉਕਤ ਤਿੰਨੇ ਅਣਪਛਾਤੇ ਵਿਅਕਤੀ ਉਸ ਦੀ ਉਕਤ ਬਲੈਰੋ ਪਿਕਅਪ ਗੱਡੀ ਭਜਾ ਕੇ ਕਮਲ ਚੌਂਕ ਸਾਈਡ ਨੂੰ ਲੈ ਗਏ। 

ਉਹ ਤੁਰੰਤ ਆਪਣੀ ਸਕੂਟਰੀ ਚੱਕ ਕੇ ਚੋਰਾਂ ਦਾ ਪਿੱਛਾ ਕਰਨ ਲੱਗਾ। ਪਰ ਉਸ ਨੂੰ ਉਕਤ ਚੋਰ ਨਹੀਂ ਥਿਹਾਏ। ਜਿਸ ਤੇ ਉਸ ਨੇ ਥਾਣਾ ਸਿਟੀ ਜਗਰਾਉਂ ਵਿਖੇ ਸ਼ਿਕਾਇਤ ਦਰਜ ਕਰਵਾਈ। ਜਿਸ ਤੇ ਥਾਣਾ ਸਿਟੀ ਜਗਰਾਉਂ ਵਿਖੇ ਸ਼ਿਕਾਇਤ ਕਰਤਾ ਦੇ ਬਿਆਨਾ ਉੱਪਰ ਅਣ ਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Source babushahi