ਠੱਗੀ ਦਾ ਅਨੋਖਾ ਮਾਮਲਾ! ਕੈਨੇਡਾ ਦਾ ਜਾਅਲੀ ਪੁਲਿਸ ਅਫ਼ਸਰ ਬਣ ਬੋਲਿਆ- ਪੁੱਤ ਨੂੰ ਉਮਰ ਕੈਦ ਤੋਂ ਬਚਾਉਣਾ ਹੈ ਤਾਂ ਹੁਣੇ 4 ਲੱਖ ਖ਼ਾਤੇ ਚ ਪਾਓ
- Admin Default
- 27 Nov, 2024 09:54
ਠੱਗੀ ਦਾ ਅਨੋਖਾ ਮਾਮਲਾ! ਕੈਨੇਡਾ ਦਾ ਜਾਅਲੀ ਪੁਲਿਸ ਅਫ਼ਸਰ ਬਣ ਬੋਲਿਆ- ਪੁੱਤ ਨੂੰ ਉਮਰ ਕੈਦ ਤੋਂ ਬਚਾਉਣਾ ਹੈ ਤਾਂ ਹੁਣੇ 4 ਲੱਖ ਖ਼ਾਤੇ ਚ ਪਾਓ
ਕੈਨੇਡਾ ਦਾ ਪੁਲਿਸ ਅਫਸਰ ਬਣ ਕੇ ਬਜ਼ੁਰਗ ਨਾਲ ਮਾਰੀ 4 ਲੱਖ ਰੁਪਏ ਦੀ ਠੱਗੀ
ਜਗਰਾਉਂ
ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਠੱਗੀਆਂ ਮਾਰਨ ਦਾ ਸਿਲਸਿਲਾ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਅਤੇ ਨਿਤ ਦਿਹਾੜੇ ਲੋਕਾਂ ਦਾ ਲੱਖਾਂ ਰੁਪਈਆਂ ਇੱਕ ਫੋਨ ਕਰਕੇ ਹੀ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਲਿੱਤੇ ਜਾਂਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਥਾਣਾ ਸਾਈਬਰ ਕ੍ਰਾਈਮ ਵਿਖੇ ਦਰਜ ਕੀਤਾ ਗਿਆ ਹੈ।
ਥਾਣਾ ਸਾਈਬਰ ਕ੍ਰਾਈਮ ਦੇ ਏਐਸਆਈ ਸ਼ੇਰਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਚੌਂਕੀਮਾਨ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਪੁੱਤਰ ਦਿਆਲ ਸਿੰਘ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ 18 ਅਕਤੂਬਰ ਨੂੰ ਇੱਕ ਅਣਜਾਨ ਨੰਬਰ ਤੋਂ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਨੇ ਕਿਹਾ ਸੀ ਕਿ ਉਹ ਕਨੇਡਾ ਪੁਲਿਸ ਅਫਸਰ ਬੋਲ ਰਿਹਾ ਹੈ ਅਤੇ ਉਸ ਕਾਲ ਕਰਨ ਵਾਲੇ ਨੇ ਕਿਹਾ ਕਿ ਭੁਪਿੰਦਰ ਸਿੰਘ ਦੇ ਲੜਕੇ ਤੋਂ ਕਨੇਡਾ ਵਿੱਚ ਐਕਸੀਡੈਂਟ ਹੋ ਗਿਆ ਹੈ ਅਤੇ ਇਸ ਐਕਸੀਡੈਂਟ ਦੌਰਾਨ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਕਰਕੇ ਭੁਪਿੰਦਰ ਦੇ ਲੜਕੇ ਨੂੰ ਉਮਰ ਕੈਦ ਹੋ ਜਾਵੇਗੀ ਅਤੇ ਜੇਕਰ ਭੁਪਿੰਦਰ ਆਪਣੇ ਬੇਟੇ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਹੁਣੇ ਹੀ 4 ਲੱਖ ਰੁਪਏ ਉਸ ਫਰਜ਼ੀ ਪੁਲਿਸ ਅਫਸਰ ਵੱਲੋਂ ਦਿੱਤੇ ਹੋਏ ਫੈਡਰਲ ਬੈਂਕ ਦੇ ਅਕਾਊਂਟ ਵਿੱਚ ਭੇਜੇ।
ਜਿਸ ਤੇ ਭੁਪਿੰਦਰ ਸਿੰਘ ਨੇ ਪੰਜਾਬ ਸਿੰਧ ਬੈਂਕ ਬਰਾਂਚ ਚੌਕੀ ਮਾਣ ਤੋਂ ਆਪਣੇ ਅਤੇ ਆਪਣੀ ਪਤਨੀ ਸੁਖਵਿੰਦਰ ਕੌਰ ਦੇ ਸਾਂਝੇ ਅਕਾਊਂਟ ਤੋਂ 4 ਲੱਖ ਰੁਪਏ ਉਸ ਖਾਤੇ ਵਿੱਚ ਆਰਟੀਜੀਐਸ ਕਰਵਾ ਦਿੱਤੇ। ਉਸ ਤੋਂ ਬਾਅਦ ਜਦੋਂ ਭੁਪਿੰਦਰ ਸਿੰਘ ਨੇ ਆਪਣੇ ਲੜਕੇ ਰਜਿੰਦਰ ਸਿੰਘ ਨਾਲ ਵਿਦੇਸ਼ ਕਨੇਡਾ ਗੱਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਕਿਸੇ ਅਣਜਾਨ ਠੱਗ ਵੱਲੋਂ ਉਸ ਨਾਲ ਝੂਠ ਬੋਲ ਕੇ ਠੱਗੀ ਮਾਰ ਲਈ ਹੈ। ਪੁਲਿਸ ਅਧਿਕਾਰੀ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕਰਨ ਮਗਰੋਂ ਥਾਣਾ ਸਾਈਬਰ ਕ੍ਰਾਈਮ ਵਿਖੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Source babushahi







