– 70 ਸਾਲ ਵਿੱਚ ਪਹਿਲੀ ਵਾਰ, ਹੁਣ ਆਂਕੜੇ ਦੇਣ ਤੋਂ ਵੀ ਇਨਕਾਰੀ ਸਰਕਾਰ – ਬਰਨਾਲਾ ਵਿੱਚ ਏਡਜ ਦੇ ਕਿੰਨੇ ਮਰੀਜ਼ ਵਧੇ, ਕਿਸ ਕਾਰਨ ਵਧੇ, ਹੁਣ ਅੰਕੜੇ ਜਨਤਕ ਨਹੀਂ ਕਰੇਗੀ ਸਰਕਾਰ – ਨਸ਼ੇੜੀਆਂ ਵੱਲੋਂ ਵਰਤੀ ਜਾਣ ਵਾਲੀ ਇਕ ਦੂਸਰੇ ਦੀ ਨਸ਼ੇ ਵਾਲੀ ਸੂਈ ਨਾਲ ਵਧੇ ਮਰੀਜ਼, ਹੁਣ ਡਾਟੇ ਤੇ ਪੜਦਾ ਪਾ ਰਹੀ ਸਰਕਾਰ– ਸੂਤਰ
- Admin Default
- 01 Dec, 2024 03:39
– 70 ਸਾਲ ਵਿੱਚ ਪਹਿਲੀ ਵਾਰ, ਹੁਣ ਆਂਕੜੇ ਦੇਣ ਤੋਂ ਵੀ ਇਨਕਾਰੀ ਸਰਕਾਰ
– ਬਰਨਾਲਾ ਵਿੱਚ ਏਡਜ ਦੇ ਕਿੰਨੇ ਮਰੀਜ਼ ਵਧੇ, ਕਿਸ ਕਾਰਨ ਵਧੇ, ਹੁਣ ਅੰਕੜੇ ਜਨਤਕ ਨਹੀਂ ਕਰੇਗੀ ਸਰਕਾਰ
– ਨਸ਼ੇੜੀਆਂ ਵੱਲੋਂ ਵਰਤੀ ਜਾਣ ਵਾਲੀ ਇਕ ਦੂਸਰੇ ਦੀ ਨਸ਼ੇ ਵਾਲੀ ਸੂਈ ਨਾਲ ਵਧੇ ਮਰੀਜ਼, ਹੁਣ ਡਾਟੇ ਤੇ ਪੜਦਾ ਪਾ ਰਹੀ ਸਰਕਾਰ– ਸੂਤਰ
ਗੁਰਵਿੰਦਰ ਸਿੰਘ। ਬਰਨਾਲਾ
ਬਰਨਾਲਾ ਵਿੱਚ ਏਡਜ਼ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਕਿੰਨੀ ਹੈ? ਇਸ ਸਾਲ ਕਿੰਨੇ ਲੋਕ ਇਸ ਰੋਗ ਤੋਂ ਪ੍ਰਭਾਵਿਤ ਹੋਏ ਹਨ? ਇਹ ਡਾਟਾ ਹੁਣ ਸਿਹਤ ਵਿਭਾਗ ਵੱਲੋਂ ਜਨਤਕ ਨਹੀਂ ਕੀਤਾ ਜਾਵੇਗਾ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਉੱਚ ਅਧਿਕਾਰੀਆਂ ਨੇ ਅੰਕੜੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਰਕਾਰ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਇਸ ਨੂੰ ਜਨਤਕ ਕਰਨ ਤੋਂ ਡਰ ਰਹੀ ਹੈ। ਜ਼ਿਕਰਯੋਗ ਹੈ ਕਿ ਹਰ ਸਾਲ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਅੰਕੜੇ ਜਾਰੀ ਕੀਤੇ ਜਾਂਦੇ ਹਨ। ਜ਼ਿਲ੍ਹੇ ਵਿੱਚ ਕਿੰਨੇ ਮਰੀਜ਼ ਹਨ, ਇਹ ਜਾਣਨ ਦੇ ਨਾਲ-ਨਾਲ ਲੋਕਾਂ ਨੂੰ ਏਡਜ਼ ਫੈਲਣ ਦੇ ਕਾਰਨਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਲੋਕਾਂ ਦੇ ਵਿੱਚ ਜਾਗਰੂਕਤਾ ਸੰਦੇਸ਼ ਜਾਂਦਾ ਸੀ ਕਿ ਇਸ ਨਾ ਮੁਰਾਦ ਬਿਮਾਰੀ ਦੀ ਲਪੇਟ ਵਿੱਚ ਲੋਕ ਕਿਸ ਤਰ੍ਹਾਂ ਆਏ ਹਨ ਅਤੇ ਕਿਸ ਤਰਹਾਂ ਇਸ ਤੋਂ ਬਚਿਆ ਜਾ ਸਕਦਾ ਹੈ। ਪਰ ਟੀਮ ਕੋਆਰਡੀਨੇਟਰ ਹਰਮਨਦੀਪ ਕੌਰ, ਜੋ ਕਿ ਬਰਨਾਲਾ ਵਿੱਚ ਏਡਜ਼ ਵਿਭਾਗ ਦਾ ਡਾਟਾ ਰਿਕਾਰਡ ਰੱਖਦੀ ਹਨ ਨੇ ਕਿਹਾ ਕਿ ਉਹ ਹੁਣ ਇਹ ਡੇਟਾ ਜਨਤਕ ਨਹੀਂ ਕਰ ਸਕਦੇ ਕਿਉਂਕਿ ਉੱਚ ਅਧਿਕਾਰੀਆਂ ਨੇ ਇਹ ਡੇਟਾ ਜਨਤਕ ਨਾ ਕਰਨ ਦੀ ਗੱਲ ਕਹੀ ਹੈ।
- ਨਸ਼ੇੜੀ ਇੱਕ-ਦੂਜੇ ਦੀਆਂ ਸੂਈਆਂ ਦੀ ਵਰਤੋਂ ਕਰਦੇ ਹਨ, ਇਸ ਕਾਰਨ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ
ਪਿਛਲੇ ਸਾਲ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 200 ਦੇ ਕਰੀਬ ਸੀ। ਸਿਹਤ ਵਿਭਾਗ ਦੇ ਅਧਿਕਾਰਤ ਸੂਤਰਾਂ ਅਨੁਸਾਰ ਇਹ ਅੰਕੜੇ ਹੁਣ ਲਗਭਗ ਦੁੱਗਣੇ ਹੋ ਗਏ ਹਨ। ਮਰੀਜ਼ਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਨਸ਼ੇੜੀਆਂ ਦੀ ਵਧਦੀ ਗਿਣਤੀ ਹੈ। ਨਸ਼ੇੜੀ ਨਸ਼ੇ ਦੇ ਟੀਕੇ ਲਗਾਉਣ ਲਈ ਇੱਕ ਦੂਜੇ ਦੀਆਂ ਵਰਤੀਆਂ ਹੋਈਆਂ ਸੂਈਆਂ ਦੀ ਵਰਤੋਂ ਕਰਦੇ ਹਨ। ਅਗਰ ਇੱਕ ਏਡਜ ਦਾ ਗ੍ਰਸਤ ਮਰੀਜ਼ ਨਸ਼ੇ ਵਾਸਤੇ ਸੂਈ ਦਾ ਇਸਤੇਮਾਲ ਕਰਦਾ ਹੈ ਜੇ ਉਹ ਸੂਈ ਨੂੰ ਦੂਸਰਾ ਵਿਅਕਤੀ ਇਸਤੇਮਾਲ ਕਰ ਲਵੇ ਤਾਂ ਉਸ ਦੇ ਅੰਦਰ ਵੀ ਸੂਈ ਨਾਲ ਲੱਗੇ ਖੂਨ ਤੋਂ ਇਹ ਵਾਇਰਸ ਚਲਿਆ ਜਾਂਦਾ ਹੈ। ਜਿਸ ਕਾਰਨ ਏਡਜ਼ ਲਗਾਤਾਰ ਫੈਲ ਰਹੀ ਹੈ। ਸੂਤਰਾਂ ਅਨੁਸਾਰ ਹਰ ਮਹੀਨੇ ਰਿਕਾਰਡ 'ਤੇ 10 ਤੋਂ 15 ਨਵੇਂ ਮਰੀਜ਼ ਆ ਰਹੇ ਹਨ। ਇਨ੍ਹਾਂਖ ਵਿੱਚੋਂ ਜ਼ਿਆਦਾਤਰ ਨਸ਼ੇੜੀ ਹਨ। ਐਸਐਮਓ ਬਰਨਾਲਾ ਡਾ: ਜੋਤੀ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੇ ਏਡਜ਼ ਦਾ ਡਾਟਾ ਰੱਖਣ ਵਾਲੀ ਟੀਮ ਨਾਲ ਗੱਲ ਕੀਤੀ ਹੈ। ਉੱਚ ਅਧਿਕਾਰੀਆਂ ਨੇ ਇਹ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਉਹ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦੇ।
ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਪੜਦੇ ਪਾ ਰਹੀ ਹੈ : ਵਿਧਾਇਕ ਕਾਲਾ ਢਿੱਲੋਂ
ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਅੰਕੜੇ ਛੁਪਾ ਰਹੀ ਹੈ। ਸਰਕਾਰ ਨੂੰ ਅਜਿਹੇ ਡੇਟਾ ਨੂੰ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਇਸ ਬਾਰੇ ਜਾਗਰੂਕ ਹੋ ਸਕਣ। ਉਹ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਉਠਾਉਣਗੇ ਅਤੇ ਸਰਕਾਰ ਨੂੰ ਇਸ ਬਾਰੇ ਸਵਾਲ ਕਰਨਗੇ।







