:

ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਟਰਾਲੇ ਦਾ ਵਿਗੜਿਆ ਸੰਤੁਲਨ: ਡਰਾਈਵਰ ਦੀ ਮੌਤ


ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਟਰਾਲੇ ਦਾ ਵਿਗੜਿਆ ਸੰਤੁਲਨ: ਡਰਾਈਵਰ ਦੀ ਮੌਤ

- ਪੁਲਸ ਨੇ 6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਸੀ ਲਾਸ਼ ਨੂੰ ਬਾਹਰ ਕੱਢਿਆ


ਸਮਰਾਲਾ

-  ਮਾਛੀਵਾੜਾ-ਸਮਰਾਲਾ ਰੋਡ ’ਤੇ ਪਿੰਡ ਊਰਨਾ ਮੋਡ਼ ਨੇਡ਼੍ਹੇ ਅੱਧੀ ਰਾਤ ਹਾਦਸੇ ਵਿਚ ਟਰਾਲਾ ਚਾਲਕ ਰਣਜੀਤ ਸਿੰਘ (31) ਵਾਸੀ ਲਹਿਰਾ ਧੂਰਕੋਟ, ਥਾਣਾ ਰਾਮਪੁਰਾ ਫੂਲ ਜ਼ਿਲਾ ਬਠਿੰਡਾ ਦੀ ਮੌਤ ਹੋ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਰਣਜੀਤ ਸਿੰਘ ਗੁਜਰਾਤ ਤੋਂ ਪੇਪਰ ਭਰ ਕੇ ਬੱਦੀ (ਹਿਮਾਚਲ ਪ੍ਰਦੇਸ਼) ਜਾ ਰਿਹਾ ਸੀ ਕਿ ਪਿੰਡ ਊਰਨਾ ਮੋਡ਼ ਨੇਡ਼੍ਹੇ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਉਸਦਾ ਇਹ ਟਰਾਲਾ ਸੰਤੁਲਨ ਗਵਾ ਬੈਠਾ ਤੇ ਪਲਟ ਗਿਆ। ਸੂਚਨਾ ਮਿਲਣ ’ਤੇ ਜਦੋਂ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਡਰਾਈਵਰ ਟਰਾਲੇ ਦੇ ਕੈਬਿਨ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ।

ਰਸਤੇ ਵਿਚ ਰਾਹਗੀਰਾਂ ਦੀ ਮੱਦਦ ਨਾਲ ਮ੍ਰਿਤਕ ਰਣਜੀਤ ਸਿੰਘ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ। ਅਖੀਰ ਕਰੇਨ ਬੁਲਾ ਕੇ 6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਰਾਲੇ ਦੇ ਕੈਬਿਨ ’ਚੋਂ ਰਣਜੀਤ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਤੇ ਵਾਰਿਸਾ ਨੂੰ ਸੂਚਿਤ ਕੀਤਾ ਗਿਆ। ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੇਸਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।


Source babushahi