ਢਾਈ ਹਜ਼ਾਰ ਵੱਢੀ ਲੈਣ ਵਾਲੇ ਮਨਪ੍ਰੀਤ ਨਾਲ ਪਾਈ ਵਿਜੀਲੈਂਸ ਨੇ ਪਾਈ ਪ੍ਰੀਤ
- Admin Default
- 05 Dec, 2024 09:04
ਢਾਈ ਹਜ਼ਾਰ ਵੱਢੀ ਲੈਣ ਵਾਲੇ ਮਨਪ੍ਰੀਤ ਨਾਲ ਪਾਈ ਵਿਜੀਲੈਂਸ ਨੇ ਪਾਈ ਪ੍ਰੀਤ
ਮਾਨਸਾ
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਜੰਗਲਾਤ ਵਿਭਾਗ ਮਾਨਸਾ ਵਿਖੇ ਤਾਇਨਾਤ ਇੱਕ ਵਣ ਗਾਰਡ ਮਨਪ੍ਰੀਤ ਸਿੰਘ ਨੂੰ 2500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਫੜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਣ ਗਾਰਡ ਮਨਪ੍ਰੀਤ ਸਿੰਘ ਨੂੰ ਗੁਰਪ੍ਰੀਤ ਸਿੰਘ ਵਾਸੀ ਖੋਖਰ ਰੋਡ, ਮਾਨਸਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਕਿ ਉਹ ਇੱਕ ਮਸ਼ੀਨੀ ਰੇਹੜੀ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ ਜਿਸ ਨੇ ਸੜਕ ਕਿਨਾਰੇ ਇੱਕ ਲੱਕੜ ਦਾ ਟੁਕੜਾ ਦੇਖਿਆ ਅਤੇ ਆਪਣੀ ਮੋਟਰ ਰੇਹੜੀ ਵਿੱਚ ਲੱਦ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਰਸਤੇ ਵਿੱਚ ਜਾ ਰਿਹਾ ਸੀ ਤਾਂ ਮ ਵਣ ਗਾਰਡ ਨੇ ਉਸਨੂੰ ਲੱਕੜ ਚੋਰੀ ਕਰਨ ਦੇ ਦੋਸ਼ ਵਿੱਚ ਜੁਰਮਾਨਾ ਕਰਨ ਦੀ ਧਮਕੀ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਕੋਈ ਕਾਰਵਾਈ ਨਾ ਕਰਨ ਬਦਲੇ ਉਸਨੂੰ 5,000 ਰੁਪਏ ਦੀ ਰਿਸ਼ਵਤ ਦੇਣ ਲਈ ਕਿਹਾ ਸੀ। ਸ਼ਿਕਾਇਤ ਅਨੁਸਾਰ 4,000 ਰੁਪਏ ਵਿੱਚ ਸੌਦਾ ਤੈਅ ਹੋ ਗਿਆ ਜਿਸ ਚੋਂ ਮਨਪ੍ਰੀਤ ਸਿੰਘ 1400 ਰੁਪਏ ਪਹਿਲੀ ਕਿਸ਼ਤ ਵੀ ਲੈ ਚੁੱਕਾ ਹੈ ਅਤੇ ਬਾਕੀ ਰਕਮ ਦੀ ਮੰਗ ਕਰ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਜੰਗਲਾਤ ਗਾਰਡ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਬਾਕੀ ਬਚੀ 1100 ਰੁਪਏ ਦੀ ਰਕਮ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Source babushahi







