ਅਧਿਆਪਕਾਂ ਨਾਲ ਸੰਵਾਦ”ਪ੍ਰੋਗਰਾਮ ਤਹਿਤ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਫਾਜ਼ਿਲਕਾ ਦੇ ਅਧਿਆਪਕਾਂ ਨਾਲ ਕੀਤੀ ਗੱਲਬਾਤ
- Admin Default
- 06 Dec, 2024 07:57
ਅਧਿਆਪਕਾਂ ਨਾਲ ਸੰਵਾਦ”ਪ੍ਰੋਗਰਾਮ ਤਹਿਤ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਫਾਜ਼ਿਲਕਾ ਦੇ ਅਧਿਆਪਕਾਂ ਨਾਲ ਕੀਤੀ ਗੱਲਬਾਤ
-ਕਿਹਾ, ਅਧਿਆਪਕਾਂ ਤੋਂ ਮਿਲੇ ਸੁਝਾਵਾਂ ਅਨੁਸਾਰ ਵਿਭਾਗ ਦੀ ਕਾਰਗੁਜਾਰੀ ਵਿਚ ਕੀਤਾ ਜਾ ਰਿਹਾ ਹੈ ਲਗਾਤਾਰ ਸੁਧਾਰ
-90 ਫੀਸਦੀ ਸਕੂਲਾਂ ਨੂੰ ਵਾਈਫਾਈ ਦੀ ਸਹੁਲਤ ਮੁਹਈਆ ਕਰਵਾਈ
-ਫਾਜ਼ਿਲਕਾ ਨੂੰ ਦੱਸਿਆ ਅਧਿਆਪਕਾਂ ਦੀ ਰਾਜਧਾਨੀ
-ਅਧਿਆਪਕਾਂ ਨੇ ਉਪਰਾਲੇ ਦੀ ਕੀਤੀ ਸਲਾਘਾ
ਫਾਜ਼ਿਲਕਾ
- ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵਿੱਚ ਮਿਆਰੀ ਅਤੇ ਗੁਣਾਤਮਕ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਆਪਕਾਂ ਤੋਂ ਫੀਡਬੈਕ ਲੈਣ ਲਈ ਨਵੇਕਲੀ ਪਹਿਲਕਦਮੀ ਤਹਿਤ ਸਕੂਲ ਅਤੇ ਉਚੇਰੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ “ਅਧਿਆਪਕਾਂ ਨਾਲ ਸੰਵਾਦ”ਪ੍ਰੋਗਰਾਮ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਸਿੱਖਿਆ ਮੰਤਰੀ ਸ: ਬੈਂਸ ਨੇ ਦੱਸਿਆ ਕਿ ਇਸ ਕਦਮ ਦਾ ਉਦੇਸ਼ ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਬੀਪੀਈਓਜ਼, ਸੈਂਟਰ ਹੈੱਡ ਟੀਚਰਾਂ, ਵੱਖ-ਵੱਖ ਪ੍ਰੋਗਰਾਮਾਂ ਦੇ ਨੋਡਲ ਅਫ਼ਸਰਾਂ ਅਤੇ ਸਕੂਲ ਕੈਂਪਸ ਪ੍ਰਬੰਧਕਾਂ ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਸੁਧਾਰ ਜਾਂ ਬਦਲਾਅ ਲਈ, ਚੱਲ ਰਹੇ ਸੁਧਾਰਾਂ ਅਤੇ ਪ੍ਰੋਗਰਾਮਾਂ ਬਾਰੇ ਫੀਡਬੈਕ ਪ੍ਰਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਸਕੂਲ ਆਫ਼ ਐਮੀਨੈਂਸ, ਸਕੂਲ ਆਫ਼ ਹੈਪੀਨੈਸ ਅਤੇ ਸਕੂਲ ਆਫ਼ ਬ੍ਰਿਲੀਐਂਸ ਦੇ ਸੰਕਲਪ ਦੀ ਸ਼ੁਰੂਆਤ ਕਰਕੇ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੇ ਉਪਰਾਲੇ ਆਰੰਭ ਕੀਤੇ ਹਨ।
ਫਾਜਿਲ਼ਕਾ ਨੂੰ ਅਧਿਆਪਕਾਂ ਦੀ ਰਾਜਧਾਨੀ ਦੱਸਿਆ ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਨੁਸਾਰ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਅਤੇ ਮਜ਼ਬੂਤ ਕਰਨ ਲਈ ਅਗਵਾਈ ਅਤੇ ਪ੍ਰਬੰਧਕੀ ਹੁਨਰਾਂ ਨਾਲ ਲੈਸ ਕਰਨ ਲਈ ਸਿੰਘਾਪੁਰ, ਆਈਆਈਐਮ ਅਹਿਮਦਾਬਾਦ ਅਤੇ ਹੁਣ ਫਿਨਲੈਂਡ ਤੋਂ ਸਿਖਲਾਈ ਲੈਣ ਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸਿੱਖਿਆ ਅਤੇ ਸਿਹਤ ਲੋਕ ਮੁੱਦੇ ਵਜੋਂ ਉਭਰੇ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 1000 ਸਕੂਲਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਜ਼ਿਆਦਾਤਰ ਅਧਿਆਪਕ ਆਪਣੇ ਕੰਮ ਨੂੰ ਸਮਰਪਿਤ ਪਾਏ ਗਏ ਹਨ। ਆਧਿਆਪਕਾਂ ਤੋਂ ਮਿਲੇ ਸੁਝਾਵਾਂ ਅਨੁਸਾਰ ਵਿਭਾਗ ਨੂੰ ਹੋਰ ਬਿਹਤਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਅਤੇ ਹੋਰ ਅਪਗ੍ਰੇਡੇਸ਼ਨ ਲਈ ਕੁੱਲ 20,000 ਸਕੂਲਾਂ ਦਾ ਸਰਵੇ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਲਗਭਗ 8000 ਸਕੂਲਾਂ ਨੂੰ 1400 ਕਿਲੋਮੀਟਰ ਚਾਰ ਦੀਵਾਰੀ ਮਿਲ ਚੁੱਕੀ ਹੈ ਜਦਕਿ 10,000 ਕਲਾਸਰੂਮਾਂ ਦੀ ਉਸਾਰੀ/ਮੁਰੰਮਤ ਅਤੇ ਨਵੀਨੀਕਰਣ ਦਾ ਕੰਮ ਕੀਤਾ ਗਿਆ ਹੈ। ਇਸੇ ਤਰਾਂ 90 ਫੀਸਦੀ ਤੋਂ ਵੱਧ ਸਕੂਲਾਂ ਵਿਚ ਵਾਈਫਾਈ ਦੀ ਸਹੁਲਤ ਦਿੱਤੀ ਗਈ ਹੈ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਇਲਾਕੇ ਵਿਚ 72 ਕਰੋੜ 81 ਲੱਖ ਰੁਪਏ ਸਿੱਖਿਆ ਤੇ ਖਰਚ ਕੀਤੇ ਹਨ ਜਦ ਕਿ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਹਲਕਾ ਬੱਲੂਆਣਾ ਵਿਚ 100 ਕਰੋੜ ਰੁਪਏ ਸਕੂਲਾਂ ਲਈ ਜਾਰੀ ਹੋਏ ਹਨ।







