:

ਸੁਖਬੀਰ ਬਾਦਲ ’ਤੇ ਕਾਤਲਾਨਾ ਹਮਲਾ:ਕੋਰ ਕਮੇਟੀ ਨੇ ਪੰਜਾਬ ਪੁਲਿਸ ਜਾਂਚ ਰੱਦ ਕਰ -ਨਿਰਪੱਖ ਜਾਂਚ ਦੀ ਮੰਗ


ਸੁਖਬੀਰ ਬਾਦਲ ’ਤੇ ਕਾਤਲਾਨਾ ਹਮਲਾ:ਕੋਰ ਕਮੇਟੀ ਨੇ ਪੰਜਾਬ ਪੁਲਿਸ ਜਾਂਚ  ਰੱਦ ਕਰ -ਨਿਰਪੱਖ ਜਾਂਚ ਦੀ ਮੰਗ

- ਪੰਜਾਬ ਦੇ ਰਾਜਪਾਲ ਕੋਲ ਪਹੁੰਚ ਕਰੇਗੀ ਅਤੇ ਨਿਰਪੱਖ ਜਾਂਚ ਦੀ ਮੰਗ ਕਰੇਗੀ
- ਸਿੱਖ ਰਵਾਇਤਾਂ, ਖਾਲਸਾ ਵਿਰਾਸਤ ਤੇ ਸਾਡੇ ਗੁਰੂ ਸਾਹਿਬਾਨ ਵੱਲੋਂ ਦਰਸਾਈਆਂ ਕਦਰਾਂ ਕੀਮਤਾਂ ਤੇ ਸੰਸਥਾਵਾਂ ’ਤੇ ਹਮਲਾ: ਅਕਾਲੀ ਦਲ
- ਕੋਰ ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਘਟਨਾ ਆਪ ਸਰਕਾਰ ਵੱਲੋਂ ਅਕਾਲੀ ਦਲ ਦੀ ਸੰਜਮੀ ਲੀਡਰਸ਼ਿਪ ਨੂੰ ਖ਼ਤਮ ਕਰਨ ਲਈ ਸਪਾਂਸਰ ਪ੍ਰੋਗਰਾਮ ਦਾ ਹਿੱਸਾ
- ਕਿਹਾ ਕਿ ਸੁਖਬੀਰ ਬਾਦਲ ’ਤੇ ਹਮਲੇ ਵਿਚ ਐਸ ਪੀ ਹਰਪਾਲ ਰੰਧਾਵਾ ਦੀ ਭੂਮਿਕਾ ਸ਼ੱਕੀ, ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਹਮਲਾਵਰ ਨਰਾਇਣ ਸਿੰਘ ਚੌੜਾ ਦੀ ਹਮਲੇ ਵਾਸਤੇ ਸਹਾਇਤਾ ਕੀਤੀ ਤੇ ਮਾਰਗ ਦਰਸ਼ਨ ਕੀਤਾ
- ਗੁਰਪ੍ਰਤਾਪ ਸਿੰਘ ਵਡਾਲਾ ਨੂੰ ਆਖਿਆ ਕਿ ਉਹ ਦਲ ਖਾਲਸਾ ਦੇ ਪ੍ਰੋਗਰਾਮ ਵਿਚ ਆਪਣੀ ਸ਼ਮੂਲੀਅਤ ਦਾ ਸਪਸ਼ਟੀਕਰਨ ਦੇਣ ਕਿਉਂਕਿ ਉਕਤ ਸੰਗਠਨ ਖਾਲਿਸਤਾਨ ਹਮਾਇਤੀ ਹੈ

ਚੰਡੀਗੜ੍ਹ

: ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਨੂੰ ਸਿੱਖ ਰਵਾਇਤਾਂ, ਖਾਲਸਾ ਵਿਰਾਸਤ ਅਤੇ ਸਾਡੇ ਮਹਾਨ ਗੁਰੂ ਸਾਹਿਬਾਨ ਵੱਲੋਂ ਦਰਸਾਈਆਂ ਕਦਰਾਂ ਕੀਮਤਾਂ ਤੇ ਸੰਸਥਾਵਾਂ ’ਤੇ ਹਮਲਾ ਹੈ।

ਕਮੇਟੀ ਨੇ ਇਸ ਸਾਰੀ ਘਟਨਾ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅਕਾਲੀ ਦਲ ਦੀ ਸੰਜਮੀ ਲੀਡਰਸ਼ਿਪ ਗੁਰੂ ਸਾਹਿਬਾਨ ਦੇ ਦਰਸਾਏ ਅਨੁਸਾਰ ਜੋ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਨੂੰ ਖਤਮ ਕਰਨ ਦੀ ਡੂੰਘੀ ਸਾਜ਼ਿਸ਼ ਦੇ ਸਪਾਂਸਰ ਪ੍ਰੋਗਰਾਮ ਦਾ ਹਿੱਸਾ ਦੱਸਿਆ।

ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਕਮੇਟੀ ਨੇ ਕਿਹਾ ਕਿ ਕਾਤਲਾਨਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਤੇ ਪੀਰੀ ਦੇ ਸਿਧਾਂਤ ’ਤੇ ਵੀ ਹਮਲਾ ਹੈ ਅਤੇ ਨਾਲ ਹੀ ਪਵਿੱਤਰ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ’ਤੇ ਵੀ ਹਮਲਾ ਹੈ ਜਿਸ ’ਤੇ ਸਿੱਖ ਵਿਰੋਧੀ ਹਮਲਾਵਰ ਵੱਲੋਂ ਚਲਾਈ ਗੋਲੀ ਦੇ ਨਿਸ਼ਾਨ ਹਨ। ਉਹਨਾਂ ਕਿਹਾ ਕਿ ਇਹ ਗੋਲੀ ਦਾ ਨਿਸ਼ਾਨ ਇੰਦਰਾ ਗਾਂਧੀਆਂ ਵੱਲੋਂ ਚਲਾਈਆਂ ਗੋਲੀਆਂ ਦੇ ਨਿਸ਼ਾਨ ’ਤੇ ਪਰਦਾ ਪਾਉਣ ਦਾ ਯਤਨ ਹੈ।

ਕਮੇਟੀ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਹਮਲਾ ਅਜਿਹੇ ਹਾਲਾਤ ਪੈਦਾ ਕਰਨ ਦਾ ਯਤਨ ਹੈ ਜਿਸ ਵਿਚ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਦੌਰ ਦੀ ਨਵੀਂ ਸ਼ੁਰੂਆਤ ਦੇ ਬਹਾਨੇ ਵਜੋਂ ਵਰਤਿਆ ਜਾ ਸਕੇ। ਕਮੇਟੀ ਨੇ ਕਿਹਾ ਕਿ ਜਿਸ ਵਿਅਕਤੀ ਨੇ ਕਾਤਲਾਨਾ ਹਮਲਾ ਕੀਤਾ, ਉਹ ਇਕੱਲਾ ਨਹੀਂ ਬਲਕਿ ਉਸ ਨਾਲ ਕਈ ਹੋਰ ਵਿਅਕਤੀ ਸਾਜ਼ਿਸ਼ ਦਾ ਹਿੱਸਾ ਹਨ। ਉਹ ਤਾਂ ਸਿਰਫ ਤਾਕਤਵਰ ਸਿੱਖ ਵਿਰੋਧੀ ਤਾਕਤਾਂ ਵੱਲੋਂ ਇਕ ਸ਼ਾਰਪ ਸ਼ੂਟਰ ਵਜੋਂ ਕੰਮ ਕਰ ਰਿਹਾ ਸੀ। ਜਿਸ ਦਿਨ ਕਾਤਲਾਨਾ ਹਮਲਾ ਕੀਤਾ ਗਿਆ, ਉਸ ਦਿਨ ਵੀ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਉਸਨੂੰ ਸਹਾਇਤਾ ਦਿੱਤੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਣ ਲਈ ਮਾਰਗ ਦਰਸ਼ਨ ਕੀਤਾ। ਕਮੇਟੀ ਨੇ ਕਿਹਾ ਕਿ ਪੁਲਿਸ ਅਫਸਰਾਂ ਵੱਲੋਂ ਆਪਣੇ ਹੀ ਤਿਆਰ ਭੇੜੀਏ ਤੋਂ ਆਪਣੇ ਆਪ ਨੂੰ ਵੱਖ ਕਰਨ ਲਈ ਵਿਖਾਈ ਤੀਰਬਰਤਾ ਤੋਂ ਹੀ ਸਾਬਤ ਹੁੰਦਾ ਹੈ ਕਿ ਇਹ ਸਾਰੇ ਇਕ ਸਾਜ਼ਿਸ਼ ਦਾ ਹਿੱਸਾ ਹਨ।

ਕੋਰ ਕਮੇਟੀ ਨੇ ਪੰਜਾਬ ਪੁਲਿਸ ਵੱਲੋਂ ਘਟਨਾ ਦੀ ਕੀਤੀ ਜਾ ਰਹੀ ਜਾਂਚ ਨੂੰ ਮੁਕੰਮਲ ਤੌਰ ’ਤੇ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਹ ਪੰਜਾਬ ਦੇ ਰਾਜਪਾਲ ਕੋਲ ਪਹੁੰਚ ਕਰੇਗੀ ਅਤੇ ਨਿਰਪੱਖ ਜਾਂਚ ਦੀ ਮੰਗ ਕਰੇਗੀ।


Source babushahi