:

ਇੱਕ ਸਹੇਲੀ ਦੋ ਆਸ਼ਕ– ਦੋਨਾਂ ਦੀ ਲੜਾਈ ਦੌਰਾਨ ਇੱਕ ਨੇ ਦੂਜੇ ਦੇ ਮਾਰੀਆਂ ਦੋ ਗੋਲੀਆਂ ਹਾਲਤ ਗੰਭੀਰ


ਇੱਕ ਸਹੇਲੀ ਦੋ ਆਸ਼ਕ– ਦੋਨਾਂ ਦੀ ਲੜਾਈ ਦੌਰਾਨ ਇੱਕ ਨੇ ਦੂਜੇ ਦੇ ਮਾਰੀਆਂ ਦੋ ਗੋਲੀਆਂ ਹਾਲਤ ਗੰਭੀਰ

ਚੰਡੀਗੜ੍ਹ

ਇੱਕ ਕੁੜੀ ਆਪਣੇ ਨਵੇਂ ਦੋਸਤ ਨਾਲ ਪਾਰਕ ਵਿੱਚ ਘੁੰਮਣ ਆਈ। ਇਸ ਦੌਰਾਨ ਉਸ ਦੇ ਪੁਰਾਣੇ ਦੋਸਤ ਨੇ ਉਸਨੂੰ ਦੇਖ ਲਿਆ। ਜਿਸ ਨਾਲ ਉਹ ਲੰਬਾ ਸਮਾਂ ਘੁੰਮਦੀ ਫਿਰਦੀ ਰਹੀ। ਗੁੱਸੇ ਵਿੱਚ ਆਏ ਪੁਰਾਣੇ ਦੋਸਤ ਨੇ ਕੁੜੀ ਵੱਲੋਂ ਸਹੇੜੇ ਗਏ ਨਵੇਂ ਸਾਥੀ ਦੇ ਦੋ ਗੋਲੀਆਂ ਮਾਰ ਦਿੱਤੀਆਂ। ਉਸ ਦੀ ਹਾਲਤ ਗੰਭੀਰ ਹੈ।  ਇਹ ਘਟਨਾ ਕੱਲ੍ਹ ਦੇਰ ਸ਼ਾਮ ਮੋਹਾਲੀ ਦੇ ਫੇਜ਼-4 ਦੇ ਮਦਨਪੁਰ ਚੌਕ ਨੇੜੇ ਸਥਿਤ ਪਾਰਕ ਵਿੱਚ ਵਾਪਰੀ। ਕਰਨ ਸ਼ਰਮਾ ਨਾਂ ਦੇ ਨੌਜਵਾਨ ਨੇ ਸੁਭਮ ਨਾਂ ਦੇ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਸੁਭਮ ਨੂੰ ਸੈਕਟਰ-32 ਚੰਡੀਗੜ੍ਹ ਦੇ ਜੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਸ਼ੁਭਮ ਦੇਰ ਰਾਤ ਆਪਣੀ ਪ੍ਰੇਮਿਕਾ ਨਾਲ ਪਾਰਕ 'ਚ ਬੈਠਾ ਸੀ। ਇਸ ਦੌਰਾਨ ਕਰਨ ਸ਼ਰਮਾ ਉਥੇ ਪਹੁੰਚ ਗਿਆ ਅਤੇ ਲੜਕੀ ਨੂੰ ਪੁੱਛਿਆ ਕਿ ਉਹ ਸੁਭਮ ਨਾਲ ਕਿਉਂ ਬੈਠੀ ਹੈ। ਲੜਕੀ ਨੇ ਕਰਨ ਨੂੰ ਸਪੱਸ਼ਟ ਕਰ ਦਿੱਤਾ ਕਿ ਹੁਣ ਉਸ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ ਅਤੇ ਉਹ ਆਪਣੀ ਮਰਜ਼ੀ ਅਨੁਸਾਰ ਕਿਤੇ ਵੀ ਜਾ ਸਕਦੀ ਹੈ। ਇਸ ਦੌਰਾਨ ਸ਼ੁਭਮ ਨੇ ਕਰਨ ਨੂੰ ਵੀ ਉਥੋਂ ਚਲੇ ਜਾਣ ਲਈ ਕਿਹਾ। ਗੱਲ ਵਧਣ 'ਤੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ, ਜੋ ਹੱਥੋਪਾਈ ਤੱਕ ਪਹੁੰਚ ਗਈ। ਲੜਕੀ ਨੇ ਦੋਹਾਂ ਨੂੰ ਸ਼ਾਂਤ ਕੀਤਾ ਅਤੇ ਸ਼ੁਭਮ ਨਾਲ ਪਾਰਕ ਤੋਂ ਬਾਹਰ ਚਲੀ ਗਈ। ਜਿਵੇਂ ਹੀ ਸ਼ੁਭਮ ਅਤੇ ਲੜਕੀ ਪਾਰਕ ਦੇ ਗੇਟ 'ਤੇ ਪਹੁੰਚੇ ਤਾਂ ਕਰਨ ਨੇ ਪਿੱਛਿਓਂ ਆ ਕੇ ਸ਼ੁਭਮ 'ਤੇ ਦੋ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸੁਭਮ ਦੀ ਗਰਦਨ ਅਤੇ ਮੋਢੇ ਦੇ ਵਿਚਕਾਰ ਲੱਗੀ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ। ਫਾਇਰਿੰਗ ਤੋਂ ਬਾਅਦ ਕਰਨ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਜ਼ਖਮੀ ਸੁਭਮ ਨੂੰ ਪਹਿਲਾਂ ਸਿਵਲ ਹਸਪਤਾਲ ਫੇਜ਼-6 ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਸੈਕਟਰ-32 ਸਥਿਤ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਪੁਲਿਸ ਨੇ ਮੌਕੇ ਤੋਂ ਦੋ ਖੋਲ ਬਰਾਮਦ ਕੀਤੇ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀ ਲਾਇਸੈਂਸੀ ਪਿਸਤੌਲ ਤੋਂ ਚਲਾਈ ਗਈ ਸੀ। ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਪਿਸਤੌਲ ਦਾ ਲਾਇਸੈਂਸ ਕਿਸ ਦੇ ਨਾਮ 'ਤੇ ਹੈ। ਜ਼ਖਮੀ ਸ਼ੁਭਮ ਦੀ ਪ੍ਰੇਮਿਕਾ ਪਹਿਲਾਂ ਕਰਨ ਸ਼ਰਮਾ ਨਾਲ ਸੀ ਪਰ ਕੁਝ ਸਮਾਂ ਪਹਿਲਾਂ ਉਸ ਨੇ ਕਰਨ ਤੋਂ ਦੋਸਤੀ ਤੋੜ ਕੇ ਸ਼ੁਭਮ ਨਾਲ ਰਿਸ਼ਤਾ ਬਣਾ ਲਿਆ। ਇਸ ਮਾਮਲੇ ਨੂੰ ਲੈ ਕੇ ਕਰਨ ਅਤੇ ਸ਼ੁਭਮ ਵਿਚਕਾਰ ਝਗੜਾ ਹੋ ਗਿਆ ਸੀ ਅਤੇ ਪੁਲਿਸ ਨੇ ਦੋਸ਼ੀ ਕਰਨ ਸ਼ਰਮਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਸਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।