:

ਬਠਿੰਡਾ: ਛਲੇਡਾ ਬਣੇ ਕੈਨੇਡਾ ਨੇ ਡੰਗਿਆ ਅਜੀਤ ਰੋਡ ਦਾ ਰੌਣਕ ਮੇਲਾ


ਬਠਿੰਡਾ: ਛਲੇਡਾ ਬਣੇ ਕੈਨੇਡਾ ਨੇ ਡੰਗਿਆ ਅਜੀਤ ਰੋਡ ਦਾ ਰੌਣਕ ਮੇਲਾ

ਬਠਿੰਡਾ

: ਕੈਨੇਡੀਅਨ ਸਰਕਾਰ ਵੱਲੋਂ ਉੱਥੇ ਜਾਣ ਵਾਲੇ ਆਮ ਲੋਕਾਂ ਅਤੇ ਸਟੱਡੀ ਵੀਜ਼ਾ ਤੇ ਸਿੱਖਿਆ ਹਾਸਲ ਕਰਨ ਵਾਲਿਆਂ ਤੇ ਲਾਈਆਂ ਸਖਤ ਪੇਸ਼ਬੰਦੀਆਂ ਕਾਰਨ ਕੈਨੇਡਾ ਜਾਣ ਦੇ ਘਟੇ ਰੁਝਾਨ ਨੇ ਬਠਿੰਡਾ ਦੀ ਅਜੀਤ ਰੋਡ ਤੇ ਆਈਲੈਟਸ ਸਮੇਤ ਸਮੁੱਚੇ ਕੰਮ ਕਾਰ ਨੂੰ ਅਜਿਹੀ  ਸੱਟ ਮਾਰੀ ਕਿ ਹੁਣ ਤਾਂ ਦੁਕਾਨਾਂ ਵਿਹਲੀਆਂ ਹੋਣ ਦੀ ਨੌਬਤ ਆ ਗਈ ਹੈ।  ਦੁਕਾਨਾਂ ਦੇ ਬਾਹਰ ਲੱਗੇ ‘ਟੂਲੈਟ’ ਦੇ ਬੋਰਡ ਇਸ ਖਿੱਤੇ ’ਚ ਆਏ ਮੰਦਵਾੜੇ ਦੀ ਗਵਾਹੀ ਭਰਦੇ ਹਨ। ਸਭ ਤੋਂ ਵੱਡੀ ਮਾਰ ਆਈਲੈਟਸ ਅਦਾਰਿਆਂ ਨੂੰ ਪਈ ਹੈ ਜਿੰਨ੍ਹਾਂ ਦੇ ਬੰਦ ਹੋਣ ਵਾਲਿਆਂ ਦੀ ਗਿਣਤੀ ਕਾਫੀ ਵੱਡੀ ਹੈ। ਇੰਨ੍ਹਾਂ ’ਚ ਕਈ  ਨਾਮੀ ਅਦਾਰੇ ਸ਼ਾਮਲ ਹਨ ਜਿੰਨ੍ਹਾਂ ਨੇ ਬਠਿੰਡਾ ’ਚ ਕੰਮ ਤੋਂ ਤੌਬਾ ਕਰ ਲਈ ਹੈ ਜਦੋਂਕਿ ਚੰਡੀਗੜ੍ਹ ਨਾਲ ਸਬੰਧਤ ਇੱਕ ਵੱਡੀ ਕੰਪਨੀ ਨੇ ਤਾਂ ਦਿਓ ਕੱਦ ਇਮਾਰਤ ਖਾਲੀ ਕਰਕੇ ਇਸੇ ਹੀ ਥਾਂ ਤੇ ਉੱਪਰ ਵਾਲੇ ਪੈਸੇ ਛੋਟਾ ਜਿਹਾ ਹਿੱਸਾ ਕਿਰਾਏ ਤੇ ਲੈ ਲਿਆ ਹੈ।


             
ਸ਼ਹਿਰ ਦੇ ਤਕਰੀਬਨ ਵਿਚਕਾਰ ਸਥਿਤ ਅਜੀਤ ਰੋਡ ਉਹ ਸੜਕ ਹੈ ਜਿੱਥੇ ਇਮੀਗ੍ਰੇਸ਼ਨ ਅਤੇ ਆਈਲੈਟਸ ਦੀ ਪੜ੍ਹਾਈ ਕਰਵਾਉਣ ਵਾਲਿਆਂ ਦਾ ਗੜ੍ਹ ਹੁੰਦੀ ਸੀ ਪਰ ਹੁਣ ਇੱਥੇ ਦਿਨ ਦਿਹਾੜੇ ਉੱਲੂ ਬੋਲਣ ਲੱਗੇ ਹਨ। ਕੈਨੇਡਾ ਹਕੂਮਤ ਦੇ ਇਸ ਫੈਸਲੇ ਦੀ ਮਾਰ ਹੇਠ ਇਕੱਲੇ ਵਿਦੇਸ਼ਾਂ ਨੂੰ ਭੇਜਣ ਵਾਲਿਆਂ ਦਾ ਕਾਰੋਬਾਰ ਹੀ ਪ੍ਰਭਾਵਿਤ ਨਹੀਂ ਹੋਇਆ ਬਲਕਿ ਇੱਥੇ ਆਉਣ ਵਾਲੇ ਬੱਚਿਆਂ ਦੀ ਬਦੌਲਤ ਸਟੇਸ਼ਨਰੀ , ਫੋਟੋਸਟੇਟ, ਖਾਣ ਪੀਣ ਵਾਲੀਆਂ ਵਸਤਾਂ, ਰੈਡੀਮੇਡ ਕੱਪੜਿਆਂ, ਗਿਫਟ ਆਈਟਮਾਂ, ਮੋਬਾਇਲ ਫੋਨ ਅਤੇ ਫਾਸਟ ਫੂਡ ਤੋਂ ਇਲਾਵਾ ਪੇਇੰਗ ਗੈਸਟ ਰੱਖਕੇ ਕਮਾਈ ਕਰਨ ਲਈ ਸ਼ੁਰੂ ਕੀਤੇ ਕਾਰੋਬਾਰ ਤੇ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਤੋਂ ਬਿਨਾਂ ਆਈਲੈਟਸ ਅਦਾਰਿਆਂ ਅਤੇ ਹੋਰ ਵੱਖ ਵੱਖ ਪ੍ਰਕਾਰ ਦੀਆਂ ਦੁਕਾਨਦਾਰੀਆਂ ਕਾਰਨ ਚਾਹ ਦੀਆਂ ਰੇਹੜੀਆਂ , ਕੱਪੜੇ ਪ੍ਰੈਸ ਕਰਨ ਜਾਂ ਧੋਣ ਵਾਲਿਆਂ ,ਪੀਜ਼ ਬਰਗਰ ਅਤੇ ਕਈ ਅਦਾਰਿਆਂ ’ਚ ਸੁਰੱਖਿਆ ਲਈ ਤਾਇਨਾਤ ਗਾਰਡਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ।
              
ਦਰਅਸਲ ਸਾਢੇ ਤਿੰਨ ਦਹਾਕੇ ਤੱਕ ਪਹਿਲਾਂ ਅਜੀਤ ਰੋਡ ਸ਼ਹਿਰ ਦੀਆਂ ਹੋਰਨਾਂ ਸੜਕਾਂ ਵਾਂਗ ਇੱਕ ਸਧਾਰਨ ਜਿਹੀ ਸੜਕ ਸੀ ਜਿੱਥੇ ਵੱਖ ਵੱਖ ਤਰਾਂ ਦੀਆਂ ਦੁਕਾਨਾਂ ਚੱਲ ਰਹੀਆਂ ਸਨ। ਸਾਲ 1990 ਉਪਰੰਤ ਸਿੱਖਿਆ ਢਾਂਚੇ ’ਚ ਆਈਆਂ ਤਬਦੀਲੀਆਂ ਅਤੇ ਮੁਕਾਬਲੇਬਾਜੀ ਦੀਆਂ ਪ੍ਰੀਖਿਆਵਾਂ ਦੌਰਾਨ ਚੰਗ ਹਾਸਲ ਕਰਨ ਲਈ ਇਸ ਸੜਕ ਤੇ ਕੋਚਿੰਗ ਸੈਂਟਰਾਂ ਦਾ ਕੰਮ ਸ਼ੁਰੂ ਹੋਇਆ ਸੀ ਜੋ ਹੌਲੀ ਹੌਲੀ ਵਿੱਦਿਅਕ ਹੱਬ ਦਾ ਰੂਪ ਧਾਰਨ ਕਰ ਗਿਆ। ਪੰਜਾਬ ’ਚ ਘਟੇ ਰੁਜਗਾਰ ਕਾਰਨ ਮੁੰਡੇ ਕੁੜੀਆਂ ’ਚ ਬਣੇ ਵਿਦੇਸ਼ ਖਾਸ ਤੌਰ ਤੇ ਕੈਨੇਡਾ ਜਾਕੇ ਵੱਸਣ ਦੇ ਰੁਝਾਨ ਕਾਰਨ ਇੱਥੇ ਆਈਲੈਟਸ ਕਰਵਾਉਣ ਵਾਲੇ ਸੈਂਟਰ ਖੁੱਲ੍ਹਣੇ ਸ਼ੁਰੂ ਹੋ ਗਏ ਜਿੰਨ੍ਹਾਂ ਨੇ ਦੇਖਦਿਆਂ ਹੀ ਦੇਖਦਿਆਂ ਸਨਅਤ ਦਾ ਰੂਪ ਧਾਰਨ ਕਰ ਲਿਆ। ਇੰਨ੍ਹਾਂ ਸੈਂਟਰਾਂ ਦੀ ਬਦੌਲਤ ਪੰਜਾਬ ਦੇ ਵੱਖ ਵੱਖ ਭਾਗਾਂ ਤੋਂ ਆਈਲੈਟਸ ਕਰਨ ਲਈ ਆਉਣ ਵਾਲੇ ਮੁੰਡੇ ਕੁੜੀਆਂ ਦੇ ਰਹਿਣ ਦੀ ਸਮੱਸਿਆ ਦੂਰ ਕਰਨ ਲਈ ਇਸ ਸੜਕ ਦੇ ਨਜ਼ਦੀਕ ਪੀਜੀ ਖੁੱਲ੍ਹ ਗਏ।
           


Source babushahi