ਨੰਦੇੜ ਕਤਲ ਮਾਮਲਾ: ਪੰਜਾਬ ਪੁਲਿਸ ਵੱਲੋਂ ਮੁੱਖ ਸ਼ੂਟਰ ਸਮੇਤ ਬੀ.ਕੇ.ਆਈ. ਦੇ ਦੋ ਕਾਰਕੁੰਨ ਗ੍ਰਿਫਤਾਰ ; ਦੋ ਪਿਸਤੌਲ ਬਰਾਮਦ
- Admin Default
- 24 Feb, 2025 06:01
ਨੰਦੇੜ ਕਤਲ ਮਾਮਲਾ: ਪੰਜਾਬ ਪੁਲਿਸ ਵੱਲੋਂ ਮੁੱਖ ਸ਼ੂਟਰ ਸਮੇਤ ਬੀ.ਕੇ.ਆਈ. ਦੇ ਦੋ ਕਾਰਕੁੰਨ ਗ੍ਰਿਫਤਾਰ ; ਦੋ ਪਿਸਤੌਲ ਬਰਾਮਦ
— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
— ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਹਰਵਿੰਦਰ ਰਿੰਦਾ ਅਤੇ ਹੈਪੀ ਪਾਸੀਅਨ ਵੱਲੋਂ ਪੰਜਾਬ ਵਿੱਚ ਮਿੱਥ ਕੇ ਕਤਲ ਕਰਨ ਲਈ ਦਿੱਤੇ ਗਏ ਸਨ ਨਿਰਦੇਸ਼ : ਡੀਜੀਪੀ ਪੰਜਾਬ ਗੌਰਵ ਯਾਦਵ
— ਅਗਲੇਰੀ ਜਾਂਚ ਜਾਰੀ, ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ : ਏ.ਆਈ.ਜੀ. ਐਸ.ਐਸ.ਓ.ਸੀ. ਡਾ. ਸਿਮਰਤ ਕੌਰ
ਚੰਡੀਗੜ੍ਹ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਹੱਦ ਪਾਰੋਂ ਚੱਲ ਰਹੇ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ, ਪੰਜਾਬ ਪੁਲਿਸ ਨੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਨਾਂਦੇੜ ਕਤਲ ਕੇਸ ਦਾ ਮੁੱਖ ਸ਼ੂਟਰ ਵੀ ਸ਼ਾਮਲ ਹੈ। ਇਨ੍ਹਾਂ ਦੋਸ਼ੀਆਂ ਦੇ ਕਬਜ਼ੇ ਚੋਂ ਦੋ .32 ਬੋਰ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ । ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਦਿੱਤੀ ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਹਰੀਕੇ ਪੱਤਣ ਦੇ ਰਹਿਣ ਵਾਲੇ ਜਗਦੀਸ਼ ਸਿੰਘ ਉਰਫ਼ ਜੱਗਾ ( ਮੁੱਖ ਸ਼ੂਟਰ) ਅਤੇ ਉਸ ਦਾ ਸਾਥੀ ਸ਼ੁਭਦੀਪ ਸਿੰਘ ਉਰਫ਼ ਸ਼ੁਭ, ਜੋ ਤਰਨਤਾਰਨ ਦੇ ਪਿੰਡ ਜੋਨੇਕੇ ਦਾ ਰਹਿਣ ਵਾਲਾ ਹੈ, ਵਜੋਂ ਹੋਈ ਹੈ। ਇਹ ਕਾਰਵਾਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਐਸ.ਏ.ਐਸ. ਨਗਰ ਨੇ ਭਰੋਸੇਯੋਗ ਸੂਤਰਾਂ ਦੀ ਖੁਫੀਆ ਇਤਲਾਹ ਦੇ ਆਧਾਰ ’ਤੇ ਅਮਲ ਵਿੱਚ ਲਿਆਂਦੀ ਹੈ।
ਜਾਣਕਾਰੀ ਅਨੁਸਾਰ, 10 ਫਰਵਰੀ,2025 ਨੂੰ ਨਾਂਦੇੜ ਵਿੱਖ ਸਿੱਖ ਕਲੋਨੀ ਦੇ ਬਾਹਰ ਗੁਰਦੁਆਰਾ ਗੇਟ ਨੰਬਰ 6 ਦੇ ਨੇੜੇ ਇੱਕ ਵਾਰਦਾਤ ਵਾਪਰੀ ਸੀ, ਜਿਸ ਦੌਰਾਨ ਪੈਰੋਲ ’ਤੇ ਬਾਹਰ ਆਏ ਸਥਾਨਕ ਨਿਵਾਸੀ ਗੁਰਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਜ਼ਿਕਰਯੋਗ ਹੈ ਕਿ ਗੁਰਮੀਤ, ਜੋ 2016 ਵਿੱਚ ਅੱਤਵਾਦੀ ਰਿੰਦਾ ਦੇ ਭਰਾ ਦੇ ਕਤਲ ਦਾ ਦੋਸ਼ੀ ਹੈ, ਨੂੰ ਸੱਟਾਂ ਲੱਗੀਆਂ ਸਨ ,ਪਰ ਉਹ ਬਚ ਗਿਆ ਸੀ। ਜਦਕਿ ਉਸ ਦਾ ਸਾਥੀ, ਰਵਿੰਦਰ ਰਾਠੌੜ, ਹਮਲੇ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਦਮ ਤੋੜ ਗਿਆ ਸੀ। ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ, ਦੋਸ਼ੀ ਜੱਗਾ ਪੰਜਾਬ ਵਾਪਸ ਪਰਤ ਆਇਆ ਸੀ ਅਤੇ ਇੱਥੇ ਸ਼ੁਭਦੀਪ ਉਰਫ਼ ਸ਼ੁਭ ਨੇ ਉਸ ਨੂੰ ਛੁਪਣਗਾਹ ਉਪਲਬਧ ਕਰਵਾਈ ਸੀ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਪਾਕਿਸਤਾਨ ਸਥਿਤ ਬੀ.ਕੇ.ਆਈ. ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਸਥਿਤ ਹੈਪੀ ਪਾਸੀਅਨ ਨਾਲ ਸਿੱਧੇ ਸੰਪਰਕ ਵਿੱਚ ਸਨ।
Source babushahi







