:

ਬਰਨਾਲਾ ਵਿੱਚ ਕੇਅਰ ਟੇਕਰ ਨੇ ਉਡਾਏ 19 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ


ਬਰਨਾਲਾ ਵਿੱਚ ਕੇਅਰ ਟੇਕਰ ਨੇ ਉਡਾਏ 19 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ

ਬਰਨਾਲਾ

ਸ਼ਹਿਰ ਦੇ ਬੱਸ ਸਟੈਂਡ ਨੇੜੇ ਸਥਿਤ ਭਾਰਤ ਕੰਪਿਊਟਰ ਸੈਂਟਰ ਵਿਖੇ ਇੱਕ ਦਿਲ ਕੰਬਾਊ ਅਤੇ ਵਿਸ਼ਵਾਸਘਾਤ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਘਰ ਵਿੱਚ ਬਜ਼ੁਰਗ ਮਾਤਾ ਦੀ ਦੇਖਭਾਲ ਲਈ ਰੱਖੀ ਗਈ ਕੇਅਰ ਟੇਕਰ ਨੇ ਹੀ ਮੌਕਾ ਪਾ ਕੇ ਘਰ ਵਿੱਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਅਰ ਟੇਕਰ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਿਟੀ-1 ਬਰਨਾਲਾ ਵਿਖੇ ਦਰਜ ਕਰਵਾਏ ਗਏ ਬਿਆਨਾਂ ਵਿੱਚ ਮੁੱਦਈ ਪ੍ਰਵੀਨ ਗਰਗ ਪੁੱਤਰ ਸੁਰਿੰਦਰ ਪਾਲ ਗਰਗ ਨੇ ਦੱਸਿਆ ਕਿ ਬੀਤੀ 15 ਮਾਰਚ 2026 ਨੂੰ ਉਹ ਆਪਣੇ ਪੂਰੇ ਪਰਿਵਾਰ ਸਮੇਤ ਸ਼ਹਿਰ ਵਿੱਚ ਆਯੋਜਿਤ ਇੱਕ ਸਤਿਸੰਗ ਸੁਣਨ ਲਈ ਗਏ ਹੋਏ ਸਨ। ਘਰ ਵਿੱਚ ਉਸ ਦੀ ਬਜ਼ੁਰਗ ਪਿਤਾ ਇੱਕ ਕਮਰੇ ਵਿੱਚ ਪਏ ਸਨ, ਜਿੰਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਅਤੇ ਸੂਗਰ ਦੇ ਮਰੀਜ਼ ਹੋਣ ਕਰਕੇ ਉਨ੍ਹਾਂ ਦੇ ਪੈਰ ਦੀਆਂ ਉਂਗਲਾਂ ਵੀ ਬਹੁਤ ਖਰਾਬ ਉਹ ਅਰਾਮ ਕਰ ਰਹੇ ਸਨ।

ਜਦੋਂ ਪਰਿਵਾਰ ਸਤਸੰਗ ਤੋਂ ਵਾਪਸ ਘਰ ਪਰਤਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਦੇ ਅੰਦਰ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਸਾਮਾਨ ਖਿੱਲਰਿਆ ਹੋਇਆ ਸੀ। ਜਦੋਂ ਉਨ੍ਹਾਂ ਨੇ ਅਲਮਾਰੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ।

ਸ਼ੱਕ ਹੋਣ ’ਤੇ ਜਦੋਂ ਪ੍ਰਵੀਨ ਗਰਗ ਨੇ ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕੇਅਰ ਟੇਕਰ ਸਰਬਜੀਤ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਜੋਧਪੁਰ ਨੇ ਹੀ ਅਲਮਾਰੀ ਵਿੱਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰਿਵਾਰ ਦੇ ਬਾਹਰ ਜਾਂਦੇ ਹੀ ਉਸ ਨੇ ਮੌਕੇ ਦਾ ਫ਼ਾਇਦਾ ਉਠਾਇਆ ਅਤੇ ਕੀਮਤੀ ਸਾਮਾਨ ਸਮੇਟ ਕੇ ਫਰਾਰ ਹੋ ਗਈ।

ਚੋਰੀ ਕੀਤੇ ਸਾਮਾਨ ਦਾ ਵੇਰਵਾ
ਪੀੜਤ ਪਰਿਵਾਰ ਅਨੁਸਾਰ ਚੋਰੀ ਹੋਏ ਗਹਿਣਿਆਂ ਦੀ ਕੁੱਲ ਮਾਤਰਾ ਕਰੀਬ 19 ਤੋਲੇ ਹੈ। ਚੋਰੀ ਕੀਤੇ ਗਏ ਗਹਿਣਿਆਂ ਵਿੱਚ:
3 ਸੋਨੇ ਦੀਆਂ ਚੂੜੀਆਂ
2 ਲੇਡੀਜ਼ ਕੜੇ
3 ਲੇਡੀਜ਼ ਰਿੰਗ (ਮੁੰਦਰੀਆਂ)
2 ਜੈਂਟਸ ਰਿੰਗ
1 ਸੋਨੇ ਦੀ ਚੇਨ ਅਤੇ 1 ਲੌਕਟ
1 ਜੈਂਟਸ ਕੜਾ
ਇਸ ਤੋਂ ਇਲਾਵਾ ਅਲਮਾਰੀ ਵਿੱਚ ਰੱਖੀ 5000 ਰੁਪਏ ਦੀ ਨਕਦੀ ਵੀ ਚੋਰੀ ਹੋ ਗਈ ਹੈ।

ਭਾਵੁਕ ਹੋਈ ਬਜ਼ੁਰਗ ਮਾਤਾ: "ਧੀਆਂ ਦੇ ਵਿਆਹ ਲਈ ਜੋੜਿਆ ਸੀ ਸੋਨਾ"
ਇਸ ਘਟਨਾ ਨੇ ਬਜ਼ੁਰਗ ਮਾਤਾ ਤੀਰਥਾ ਦੇਵੀ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਇਹ ਸਾਰਾ ਸੋਨਾ ਉਨ੍ਹਾਂ ਦੇ ਆਪਣੇ ਵਿਆਹ ਦਾ ਸੀ, ਜਿਸ ਨੂੰ ਉਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਆਪਣੀਆਂ ਚਾਰ ਧੀਆਂ ਲਈ ਸੰਭਾਲ ਕੇ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ, "ਮੈਂ ਆਪਣੀਆਂ ਧੀਆਂ ਦੇ ਕਾਰਜ (ਵਿਆਹ) ਲਈ ਇਹ ਗਹਿਣੇ ਬਣਾ ਕੇ ਰੱਖੇ ਸਨ ਤਾਂ ਜੋ ਉਨ੍ਹਾਂ ਦੇ ਭਵਿੱਖ ਵਿੱਚ ਕੰਮ ਆ ਸਕਣ, ਪਰ ਘਰ ਦੀ ਭੇਤੀ ਨੇ ਹੀ ਸਭ ਕੁਝ ਲੁੱਟ ਲਿਆ।"
ਥਾਣਾ ਸਿਟੀ-1 ਬਰਨਾਲਾ ਦੇ ਮੁਖੀ ਨੇ ਦੱਸਿਆ ਕਿ ਪ੍ਰਵੀਨ ਗਰਗ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਮਹਿਲਾ ਸਰਬਜੀਤ ਕੌਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 
ਇਸ ਘਟਨਾ ਨੇ ਸ਼ਹਿਰ ਵਿੱਚ ਨੌਕਰਾਂ ਅਤੇ ਕੇਅਰ ਟੇਕਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦੀ ਲੋੜ ਨੂੰ ਮੁੜ ਤੋਂ ਉਭਾਰ ਦਿੱਤਾ ਹੈ।

ਤਾਜ਼ਾ ਖ਼ਬਰਾਂ
Gallery
Tags
Social Media