:

ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, ਪੀਆਰਟੀਸੀ ਬੱਸ ਦੀ ਜ਼ੋਰਦਾਰ ਟੱਕਰ, 1 ਦੀ ਮੌਤ


ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, ਪੀਆਰਟੀਸੀ ਬੱਸ ਦੀ ਜ਼ੋਰਦਾਰ ਟੱਕਰ, 1 ਦੀ ਮੌਤ

ਭਵਾਨੀਗੜ੍ਹ

ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਪਿੰਡ ਰੌਸ਼ਨਵਾਲਾ ਨੇੜੇ ਅੱਜ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਅਣਅਧਿਕਾਰਤ ਕੱਟ ਨੂੰ ਪਾਰ ਕਰ ਰਿਹਾ ਸੀ ਕਿ ਇਸ ਦੌਰਾਨ ਤੇਜ਼ ਰਫ਼ਤਾਰ ਪੀ.ਆਰ.ਟੀ.ਸੀ ਦੀ ਬੱਸ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਨੇ ਘਟਨਾ ਸਥਾਨ ‘ਤੇ ਹੀ ਦਮ ਤੋੜ ਦਿੱਤਾ। ਹਾਦਸੇ ਵਾਲੀ ਥਾਂ 'ਤੇ ਮੌਜੂਦ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੇ ਏ.ਐੱਸ.ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਪਤਾ ਲੱਗਦੇ ਹੀ ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਏ.ਐਸ.ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਘੁਮੰਡ ਸਿੰਘ ਵਾਲਾ ਦੇ ਰੂਪ 'ਚ ਹੋਈ ਹੈ ਜੋ ਪਿੰਡ ਰੋਸ਼ਨਵਾਲਾ ਨੇੜੇ ਹਾਈਵੇ 'ਤੇ ਸ਼ੋਰਟ ਕੱਟ ਵੱਜੋਂ ਡਿਵਾਈਡਰ ਨੂੰ ਤੋੜ ਕੇ ਬਣਾਏ ਗਏ ਕੱਟ ਤੋਂ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਇਸ ਦੌਰਾਨ ਸੰਗਰੂਰ ਤੋਂ ਪਟਿਆਲੇ ਵੱਲ ਜਾਂਦੀ ਪੀਆਰਟੀਸੀ ਦੀ ਬੱਸ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।