ਮਾਲੇਰਕੋਟਲਾ: ਕਾਂਗਰਸੀਆਂ ਨੇ ਮੁੱਖ ਮੰਤਰੀ ਖ਼ਿਲਾਫ਼ ਕਾਰਵਾਈ ਮੰਗੀ
- Admin Default
- 06 May, 2026 14:54
ਮਾਲੇਰਕੋਟਲਾ: ਕਾਂਗਰਸੀਆਂ ਨੇ ਮੁੱਖ ਮੰਤਰੀ ਖ਼ਿਲਾਫ਼ ਕਾਰਵਾਈ ਮੰਗੀ
ਮਾਲੇਰਕੋਟਲਾ
ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਪਹਿਲੀ ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧੀ ਧਿਰ ਪ੍ਰਤੀ ਵਿਹਾਰ ਅਤੇ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਜ਼ਿਲ੍ਹਾ ਕਾਂਗਰਸ ਮਾਲੇਰਕੋਟਲਾ ਦੀ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਂਗਰਸੀਆਂ ਨੇ ਪੰਜਾਬ ਦੇ ਰਾਜਪਾਲ ਨਾਂ ਡੀ ਸੀ ਵਿਰਾਜ ਐੱਸ ਤਿੜਕੇ ਨੂੰ ਮੰਗ ਪੱਤਰ ਸੌਂਪਿਆ। ਆਗੂਆਂ ਨੇ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਹਾਰ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਨਿਸ਼ਾਤ ਅਖਤਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਦੇ ਵਿਹਾਰ ਨੇ ਦੁਨੀਆਂ ਭਰ ਅੰਦਰ ਵਸਦੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਮੁੱਖ ਮੰਤਰੀ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਪਵਿੱਤਰ ਸਦਨ ਅੰਦਰ ਆਚਰਣ ਅਤੇ ਵਿਵਹਾਰ ਮੁੱਖ ਮੰਤਰੀ ਵਰਗੇ ਅਹੁਦੇ ਦੇ ਅਨੁਕੂਲ ਨਹੀਂ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਮਾਮਲੇ ਦੀ ਜਾਂਚ ਮੰਗਣ ਦੇ ਬਾਵਜੂਦ ਸਪੀਕਰ ਵੱਲੋਂ ਮੰਗ ਨੂੰ ਰੱਦ ਕਰ ਦਿੱਤਾ ਗਿਆ। ਇਸ ਮੌਕੇ ਮੁਹੰਮਦ ਅਨਵਰ ਮਹਿਬੂਬ, ਜ਼ਿਲ੍ਹਾ ਪਰਿਸ਼ਦ ਮੈਂਬਰ ਨਿਰਮਲਜੀਤ ਸਿੰਘ, ਹਰਜਿੰਦਰ ਸਿੰਘ ਕਾਕਾ, ਮਹਿਮੂਦ ਰਾਣਾ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਅਕਰਮ ਲਿਬੜਾ, ਦਿਹਾਤੀ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਹਲਕਾ ਮਹਿਲ ਕਲਾਂ ਤੋਂ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਸਾਬਕਾ ਪ੍ਰਧਾਨ ਮੇਜਰ ਸਿੰਘ ਬੁਰਜ, ਜਗਰੂਪ ਸਿੰਘ ਸੰਦੌੜ, ਲੈਕਚਰਾਰ ਸੁਖਦੇਵ ਸਿੰਘ ਚੱਕ, ਮੁਹੰਮਦ ਸ਼ਕੀਲ ਅਤੇ ਮਾਸਟਰ ਮੇਲਾ ਸਿੰਘ ਸਮੇਤ ਜ਼ਿਲ੍ਹਾ ਕਾਂਗਰਸ ਦੇ ਅਹੁਦੇਦਾਰ ਮੌਜੂਦ ਸਨ।







