ਤਸਕਰਾਂ ਦੀ ਗੱਡੀ ਪਲਟੀ! ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
- Admin Default
- 07 May, 2026 14:43
ਤਸਕਰਾਂ ਦੀ ਗੱਡੀ ਪਲਟੀ! ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
ਮਹਿਲ ਕਲਾਂ
ਥਾਣਾ ਠੁੱਲੀਵਾਲ ਪੁਲਸ ਨੇ ਨਾਕਾਬੰਦੀ ਦੌਰਾਨ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮੌਕੇ ਥਾਣਾ ਠੁੱਲੀਵਾਲ ਦੇ ਇੰਸਪੈਕਟਰ ਗੁਰਪਾਲ ਸਿੰਘ ਧਨੋਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਬੱਸ ਸਟੈਂਡ ਅਮਲਾ ਸਿੰਘ ਵਾਲਾ ਵਿਖੇ ਮੌਜੂਦ ਸੀ, ਜਦੋਂ ਮੁਖਬਰ ਖਾਸ ਤੋਂ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਵਾਸੀ ਬੀਹਲਾ ਹਰਿਆਣਾ ਅਤੇ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਮਹਿਲ ਕਲਾਂ ਅਤੇ ਠੁੱਲੀਵਾਲ ਇਲਾਕੇ ਵਿਚ ਮਹਿੰਗੇ ਭਾਅ ਵੇਚਦਾ ਹੈ ਅਤੇ ਅੱਜ ਵੀ ਕਾਰ ਰਾਹੀਂ ਆ ਰਿਹਾ ਹੈ।
ਸੂਚਨਾ ਦੇ ਆਧਾਰ ’ਤੇ ਰਾਏਕੋਟ–ਬਰਨਾਲਾ ਰੋਡ ਨੇੜੇ ਪੁਲ ਡਰੇਨ ਭੱਦਲਵੱਡ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ। ਚੈਕਿੰਗ ਦੌਰਾਨ ਦੋਸ਼ੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਬੇਕਾਬੂ ਹੋ ਕੇ ਖਤਾਨੇ ਵਿਚ ਪਲਟ ਗਈ। ਪੁਲਸ ਵੱਲੋਂ ਕਾਰ ਦੀ ਤਲਾਸ਼ੀ ਲੈਣ ’ਤੇ 60 ਬੋਤਲਾਂ ਦੇਸੀ ਸ਼ਰਾਬ (ਠੇਕਾ ਸੋਫੀ ਮਾਰਕਾ, ਚੰਡੀਗੜ੍ਹ) ਬਰਾਮਦ ਹੋਈਆਂ। ਪੁਲਸ ਨੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕਾਰ ਸਮੇਤ ਸ਼ਰਾਬ ਕਬਜ਼ੇ ਵਿਚ ਲੈ ਲਈ। ਇਸ ਸਬੰਧੀ ਮੁਕੱਦਮਾ ਨੰਬਰ 30, ਅਧੀਨ ਧਾਰਾ 61/1/14 ਐਕਸਾਈਜ਼ ਐਕਟ ਤਹਿਤ ਥਾਣਾ ਠੁੱਲੀਵਾਲ ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਵਿੱਚ ਨਸ਼ਾ ਅਤੇ ਗੈਰਕਾਨੂੰਨੀ ਤਸਕਰੀ ਖਿਲਾਫ ਮੁਹਿੰਮ ਲਗਾਤਾਰ ਜਾਰੀ ਰਹੇਗੀ।







