:

ਖੇਤੀਬਾੜੀ ਵਿਕਾਸ ਬੈਂਕ ਸੁਨਾਮ ਅੱਗੇ ਪੱਕਾ ਧਰਨਾ ਸ਼ੁਰੂ


ਖੇਤੀਬਾੜੀ ਵਿਕਾਸ ਬੈਂਕ ਸੁਨਾਮ ਅੱਗੇ ਪੱਕਾ ਧਰਨਾ ਸ਼ੁਰੂ

ਸੰਗਰੂਰ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਖੇਤੀਬਾੜੀ ਵਿਕਾਸ ਬੈਂਕਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਬੈਂਕਾਂ ਅੱਗੇ ਪੱਕੇ ਧਰਨੇ ਸ਼ੁਰੂ ਕਰਨ ਦੇ ਐਲਾਨ ਤਹਿਤ ਇੱਥੇ ਅੱਜ ਖੇਤੀਬਾੜੀ ਵਿਕਾਸ ਬੈਂਕ ਸੁਨਾਮ ਅੱਗੇ ਜ਼ਿਲ੍ਹਾ ਪੱਧਰੀ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਬੈਂਕ ਪ੍ਰਬੰਧਕਾਂ ਨੂੰ ਦੁਪਹਿਰ 12 ਵਜੇ ਤੱਕ ਬੈਂਕ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ, ਇਸ ਤੋਂ ਬਾਅਦ ਬੈਂਕ ਮੈਨੇਜਰ ਨੇ ਗੱਲਬਾਤ ਉਪਰੰਤ ਮੁਲਾਜ਼ਮਾਂ ਨੂੰ ਬਾਹਰ ਕਰ ਕੇ ਬੈਂਕ ਨੂੰ ਤਾਲਾ ਲਗਵਾ ਦਿੱਤਾ।

ਇਸ ਮੌਕੇ ਰਣ ਸਿੰਘ ਚੱਠਾ ਨੇ ਦੋਸ਼ ਲਾਇਆ ਕਿ ਲੈਂਡ ਮਾਰਗੇਜ ਬੈਂਕਾਂ ਵੱਲੋਂ ਕਿਸਾਨਾਂ ਤੋਂ ਕਰਜ਼ੇ ਦੀ ਰਕਮ ਵਸੂਲਣ ਤੋਂ ਬਾਅਦ ਵੀ ਖਾਲੀ ਚੈੱਕਾਂ ਦੇ ਆਧਾਰ ’ਤੇ ਅਦਾਲਤਾਂ ਵਿੱਚ ਕੇਸ ਕਰਕੇ ਕਿਸਾਨਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਵੀ ਇਸੇ ਤਰ੍ਹਾਂ ਕਥਿਤ ਤੰਗ ਕਰ ਕੇ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਅਤੇ ਬੈਂਕਾਂ ਵੱਲੋਂ ਲਏ ਖਾਲੀ ਚੈੱਕ ਵਾਪਸ ਕਰਵਾਉਣ ਲਈ ਅੰਦੋਲਨ ਹੋਰ ਤਿੱਖਾ ਕੀਤਾ ਗਿਆ ਹੈ ਅਤੇ ਇਹ ਧਰਨਾ ਮੰਗਾਂ ਪੂਰੀਆਂ ਹੋਣ ਤੱਕ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਯੂਨੀਅਨ ਆਗੂ ਹਾਜ਼ਰ ਸਨ।