ਪੰਜਾਬ: ਸਕੂਲੀ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ; 1 ਦੀ ਮੌਤ, ਕਈ ਹੋਰ ਗੰਭੀਰ ਜ਼ਖ਼ਮੀ
- Admin Default
- 13 May, 2026 13:55
ਪੰਜਾਬ: ਸਕੂਲੀ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ; 1 ਦੀ ਮੌਤ, ਕਈ ਹੋਰ ਗੰਭੀਰ ਜ਼ਖ਼ਮੀ
ਤਪਾ ਮੰਡੀ
ਨਾਮਦੇਵ ਮਾਰਗ ਸਥਿਤ ਗਊਸ਼ਾਲਾ ਦੇ ਸਾਹਮਣੇ ਅੱਜ ਸਵੇਰੇ ਕਰੀਬ ਅੱਠ ਵਜੇ ਇਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ 2 ਹੋਰ ਸਕੂਲੀ ਵਿਦਿਆਰਥੀਆਂ ਸਣੇ 4 ਜਖਮੀ ਹੋ ਗਏ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਤਪਾ ਦੇ ਤਿੰਨ ਵਿਦਿਆਰਥੀ ਬਲਕਰਨ ਸਿੰਘ,ਖੁਦਬਖਸ ਸਿੰਘ ਅਤੇ ਗੁਰਦੀਪ ਸਿੰਘ ਸਵੇਰੇ ਪੈਦਲ ਸਕੂਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਦੋਸਤ ਹਰਮਨਜੋਤ ਸਿੰਘ ਮੋਟਰਸਾਈਕਲ ‘ਤੇ ਕੋਲ ਦੀ ਲੰਘਦਿਆਂ ਆਇਆ ਅਤੇ ਤਿੰਨਾਂ ਨੂੰ ਸਕੂਲ ਛੱਡਣ ਲਈ ਆਪਣੇ ਨਾਲ ਬਿਠਾਕੇ ਲੈ ਗਿਆ। ਜਦੋਂ ਉਹ ਗਊਸ਼ਾਲਾ ਨੇੜੇ ਪਹੁੰਚੇ ਤਾਂ ਇਕ ਦੁਕਾਨ ਦਾ ਕਰਿੰਦਾ ਬਬਲੂ ਸੜਕ ਪਾਰ ਕਰਨ ਲਈ ਅਚਾਨਕ ਸਾਹਮਣੇ ਆ ਗਿਆ। ਮੋਟਰਸਾਈਕਲ ਚਾਲਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ ਬੇਕਾਬੂ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੇ ਇਕ ਹੋਰ ਮੋਟਰਸਾਈਕਲ ਨਾਲ ਜਾ ਟਕਰਾਇਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਸਵਾਰ ਸਕੂਲ ਵਿਦਿਆਰਥੀ ਦੂਰ ਤੱਕ ਜਾ ਡਿੱਗਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਚਾਲਕ ਹਰਮਨਜੋਤ ਸਿੰਘ ਅਤੇ ਤਿੰਨੋ ਵਿਦਿਆਰਥੀਆਂ ਨੂੰ ਮਿੰਨੀ ਸਹਾਰਾ ਕਲੱਬ ਦੇ ਮੈਂਬਰਾਂ ਅਤੇ ਐਂਬੂਲੈਂਸ ਕਰਮਚਾਰੀਆਂ ਨੇ ਤੁਰੰਤ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਪਾ ਪਹੁੰਚਾਇਆ। ਹਸਪਤਾਲ ਵਿਚ ਡਾਕਟਰਾਂ ਵੱਲੋਂ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਗੁਰਬਖਸ਼ ਸਿੰਘ, ਜੋ +1 ਦਾ ਵਿਦਿਆਰਥੀ ਸੀ, ਨੇ ਗੰਭੀਰ ਸੱਟਾਂ ਕਾਰਨ ਦਮ ਤੋੜ ਦਿੱਤਾ। ਡਾਕਟਰਾਂ ਨੇ ਬਾਕੀ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਵਿਚੋਂ ਇਕ ਨੂੰ ਬਾਹਰ ਰੈਫਰ ਕਰ ਦਿੱਤਾ। ਇਸ ਹਾਦਸੇ ‘ਚ ਦੁਕਾਨਦਾਰ ਦਾ ਕਰਿੰਦਾ ਬਬਲੂ ਵੀ ਜ਼ਖ਼ਮੀ ਹੋ ਗਿਆ, ਜੋ ਜ਼ੇਰੇ ਇਲਾਜ ਹਸਪਤਾਲ ‘ਚ ਹੈ।
ਇਸ ਦਰਦਨਾਕ ਘਟਨਾ ਦੀ ਖ਼ਬਰ ਮਿਲਦੇ ਹੀ ਮ੍ਰਿਤਕ ਦੇ ਬੱਚਿਆਂ ਪਰਿਵਾਰਕ ਮੈਂਬਰ, ਸਕੂਲ ਦੇ ਵਿਦਿਆਰਥੀ ਅਤੇ ਪੁਲਸ ਅਧਿਕਾਰੀ ਮੌਕੇ ‘ਤੇ ਅਤੇ ਹਸਪਤਾਲ ਵਿਚ ਪਹੁੰਚ ਗਏ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਇਸ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਸੜਕ ਸੁਰੱਖਿਆ ਦੇ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਪੁਲਸ ਹਾਦਸੇ ਦਾ ਪਤਾ ਕਰਨ ਲਈ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ। ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ ਅਤੇ ਪੁਲਸ ਨੇ ਮ੍ਰਿਤਕ ਵਿਦਿਆਰਥੀ ਦੀ ਲਾਸ਼ ਮੋਰਚਰੀ ਰੂਮ ਬਰਨਾਲਾ ਵਿਖੇ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਹੈ।







