:

ਕਿਸਾਨ ਜਥੇਬੰਦੀ ਵਲੋਂ ਸਹਿਕਾਰੀ ਬੈਂਕ ਦੀ ਜ਼ਿਲ੍ਹਾ ਸ਼ਾਖਾ ਅੱਗੇ ਧਰਨਾ


ਕਿਸਾਨ ਜਥੇਬੰਦੀ ਵਲੋਂ ਸਹਿਕਾਰੀ ਬੈਂਕ ਦੀ ਜ਼ਿਲ੍ਹਾ ਸ਼ਾਖਾ ਅੱਗੇ ਧਰਨਾ

ਸੰਗਰੂਰ 

ਕਿਸਾਨ ਮਜ਼ਦੂਰ ਮੋਰਚਾ (ਪੰਜਾਬ) ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਸਹਿਕਾਰੀ ਬੈਂਕ ਦੀ ਮੁੱਖ ਬਰਾਂਚ ਅੱਗੇ ਆਵਾਜਾਈ ਠੱਪ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਕਾਰਨ ਪਟਿਆਲਾ ਗੇਟ ਬਾਜ਼ਾਰ ਵਿੱਚ ਆਵਾਜਾਈ ਪ੍ਰਭਾਵਿਤ ਰਹੀ। ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਦਿੱਤੇ ਧਰਨੇ ਮੌਕੇ ਸੂਬਾਈ ਆਗੂਆਂ ਦਿਲਬਾਗ ਸਿੰਘ ਹਰੀਗੜ੍ਹ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਹਿਕਾਰੀ ਸਭਾਵਾਂ ਵੱਲੋਂ ਵਧਾਏ ਗਏ ਖੇਤੀ ਹੱਦ ਕਰਜ਼ਿਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਤੀ ਲਾਗਤਾਂ ਅਤੇ ਮਸ਼ੀਨਰੀ ਦੀਆਂ ਵਧਦੀਆਂ ਕੀਮਤਾਂ ਕਾਰਨ ਕਿਸਾਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਕਿਸਾਨ ਆਗੂਆਂ ਨੇ ਸਹਿਕਾਰੀ ਬੈਂਕਾਂ ਵਿੱਚ ਯਕਮੁਸ਼ਤ ਨਿਬੇੜਾ ਸਕੀਮ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਤਾਂ ਜੋ ਡਿਫਾਲਟਰ ਕਿਸਾਨਾਂ ਨੂੰ ਰਾਹਤ ਮਿਲ ਸਕੇ। ਯੂਨੀਅਨ ਨੇ ਮੰਗ ਕੀਤੀ ਕਿ ਸੁਸਾਇਟੀਆਂ ਵਿੱਚ ਯੂਰੀਆ, ਡੀ ਏ ਪੀ ਤੇ ਹੋਰ ਖਾਦਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਨਵੇਂ ਖਾਤੇ ਖੋਲ੍ਹਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਸੂਬਾਈ ਮਹਿਲਾ ਆਗੂ ਬਲਜੀਤ ਕੌਰ ਕਿਲਾ ਭਰੀਆਂ, ਰਾਜ ਸਿੰਘ ਥੇੜੀ, ਅਮਰ ਲੌਂਗੋਵਾਲ ਆਦਿ ਨੇ ਸੰਬੋਧਨ ਕੀਤਾ।