:

ਭੱਠਾ ਮਜ਼ਦੂਰਾਂ ਵਲੋਂ ਡੀ ਸੀ ਦਫ਼ਤਰ ਅੱਗੇ ਮੁ਼ਜ਼ਾਹਰਾ


ਭੱਠਾ ਮਜ਼ਦੂਰਾਂ ਵਲੋਂ ਡੀ ਸੀ ਦਫ਼ਤਰ ਅੱਗੇ ਮੁ਼ਜ਼ਾਹਰਾ

ਸੰਗਰੂਰ

ਭਾਈ ਲਾਲੋ ਲੋਕ ਮੰਚ ਪੰਜਾਬ ਨਾਲ ਸਬੰਧਤ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸੈਕੜੇ ਭੱਠਾ ਮਜ਼ਦੂਰਾਂ ਨੇ ਡੀ ਸੀ ਦਫਤਰ ਤੱਕ ਰੋਸ ਮਾਰਚ ਕਰ ਕੇ ਧਰਨਾ ਦਿੱਤਾ ਅਤੇ ਲੇਬਰ ਰੇਟਾਂ ਵਿਚ ਕੀਤੇ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ। ਇਸ ਪਹਿਲਾਂ ਯੂਨੀਅਨ ਆਗੂ ਰਣਜੀਤ ਸਿੰਘ ਸਾਇਆਂ, ਗੁਰਪ੍ਰੀਤ ਸਿੰਘ ਤੋਲਾਵਾਲ, ਸਰਦਾਰ ਅਲੀ ਕੰਗਣਵਾਲ ਅਤੇ ਹਰਜਿੰਦਰ ਸਿੰਘ ਕਾਲਾ ਦੀ ਅਗਵਾਈ ਹੇਠ ਸੈਂਕੜੇ ਭੱਠਾ ਮਜ਼ਦੂਰਾਂ ਨੇ ਸਥਾਨਕ ਬਨਾਸਰ ਬਾਗ ਵਿਖੇ ਰੋਸ ਰੈਲੀ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਤੇ ਕਾਮਰੇਡ ਕਰਨ ਸਿੰਘ ਰਾਣਾ ਨਵਾਂ ਸ਼ਹਿਰ ਨੇ ਕਿਹਾ ਕਿ ਸੰਨ 2012 ਤੋਂ ਬਾਅਦ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਿਚ ਦੁਹਰਾਈ ਨਹੀਂ ਕੀਤੀ ਗਈ। ਹੁਣ ਪੰਜਾਬ ਸਰਕਾਰ ਨੇ 1 ਮਈ ਮਜ਼ਦੂਰ ਦਿਵਸ ਵਾਲੇ ਦਿਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਿਚ 15 ਫੀਸਦੀ ਨਿਗੂਣੇ ਵਾਧੇ ਦਾ ਐਲਾਨ ਤਾਂ ਕੀਤਾ ਗਿਆ ਪਰ ਭੱਠਾ ਮਜ਼ਦੂਰਾਂ ਦੇ ਰੇਟਾਂ ਦਾ ਹਲੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਭੱਠਾ ਮਜ਼ਦੂਰਾਂ ਦੇ ਰੇਟਾਂ ਵਿੱਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਸਾਰੇ ਪੰਜਾਬ ਵਿੱਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਪਿੰਡਾਂ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਦੌਰਾਨ ਐੱਸ ਡੀ ਐੱਮ ਸੰਗਰੂਰ ਵਲੋਂ ਮਸਲਾ ਹੱਲ ਕਰਾਉਣ ਦਾ ਭਰੋਸਾ ਦਿੱਤਾ ਗਿਆ ਜਿਸ ਮਗਰੋਂ ਪ੍ਰਦਰਸ਼ਨ ਖਤਮ ਹੋਇਆ। ਆਗੂਆਂ ਨੇ ਕਿਹਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ 18 ਮਈ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ।