:

ਕਿਸ ਗੱਲ ਨੂੰ ਲੈ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਸ਼ੁਰੂ ਕਰ ਰਹੀਆਂ ਨੇ ਬਰਨਾਲੇ ਵਿੱਚ ਨਵਾਂ ਸੰਘਰਸ਼


ਕਿਸ ਗੱਲ ਨੂੰ ਲੈ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਸ਼ੁਰੂ ਕਰ ਰਹੀਆਂ ਨੇ ਬਰਨਾਲੇ ਵਿੱਚ ਨਵਾਂ ਸੰਘਰਸ਼
 


ਬਰਨਾਲਾ 29 ਅਗਸਤ


ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਵੱਲੋਂ  ਸਿਵਲ ਸਰਜਨ ਬਰਨਾਲਾ ਦੇ ਸਿਵਲ ਹਸਪਤਾਲ ਪਾਰਕ ਨੂੰ ਉਜਾੜਨ ਦੇ ਹੈਂਕੜਬਾਜ ਰਵੱਈਏ ਖਿਲਾਫ਼ ਭਗਤ ਨਾਮਦੇਵ ਚੌਂਕ ਵਿਖੇ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਰੋਸ ਰੈਲੀ ਕੀਤੀ ਗਈ। ਕਮੇਟੀ ਦੇ ਸਕੱਤਰ ਸੋਹਣ ਸਿੰਘ ਮਾਝੀ, ਨਰਾਇਣ ਦੱਤ, ਖੁਸ਼ੀਆ ਸਿੰਘ, ਬਾਬੂ ਸਿੰਘ ਖੁੱਡੀ ਕਲਾਂ, ਨਵਕਿਰਨ ਪੱਤੀ, ਕਰਮਜੀਤ ਸਿੰਘ ਬਿੱਲੂ ਨੇ ਦੱਸਿਆ ਕਿ ਡੀਸੀ ਬਰਨਾਲਾ ਨਾਲ ਸਿਵਲ ਹਸਪਤਾਲ ਵਿੱਚ ਸੁਵਿਧਾ ਕੇਂਦਰ ਪਾਰਕ ਦੀ ਥਾਂ ਢੁੱਕਵੇਂ ਥਾਂ ਤੇ ਬਨਾਉਣ ਸਬੰਧੀ ਹੋਈ ਸੀ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਐਸ.ਐਮ.ਓ, ਸਿਵਲ ਸਰਜਨ ਅਤੇ ਐਸ. ਡੀ.ਐਮ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਸਹਿਮਤੀ ਬਣੀ ਸੀ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਪਾਰਕ ਦੀ ਲੋੜ, ਵਾਤਾਵਰਣ ਅਤੇ ਹਰਿਆਲੀ ਨੂੰ ਮੁੱਖ ਰੱਖਦਿਆਂ ਫੈਸਿਲੀਟੇਸਨ ਸੈਂਟਰ(ਸੁਵਿਧਾ ਸੈਂਟਰ)ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ। ਇਸ ਸਮੇਂ ਕਮੇਟੀ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਹਸਪਤਾਲ ਵਿੱਚ ਮਰੀਜ਼ਾਂ ਅਤੇ ਵਾਰਸਾਂ ਲਈ ਸਿਰਫ਼ ਇੱਕ ਹੀ ਪਬਲਿਕ ਪਾਰਕ ਹੈ। ਜਿਸ ਦਾ ਉਜਾੜਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਤਿੰਨ ਪਾਰਕ ਹੋਇਆ ਕਰਦੇ ਸਨ। ਹੁਣ ਰਹਿੰਦੇ ਇੱਕੋ ਇੱਕ ਪਾਰਕ ਨੂੰ ਵੀ ਖ਼ਤਮ ਕਰਨ 'ਤੇ ਪ੍ਰਸ਼ਾਸਨ ਤੁਲਿਆ ਹੋਇਆ ਹੈ। ਇਸ ਵਿੱਚ ਸਿਵਲ ਸਰਜਨ ਬਰਨਾਲਾ ਅਤੇ ਕੁੱਝ ਮਾੜੇ ਮਨਸੂਬੇ ਪਾਲਦੀਆਂ ਹੋਰ ਸ਼ਕਤੀਆਂ ਦੇ ਭੈੜੇ ਮੁਫ਼ਾਦ ਛੁਪੇ ਹੋਏ ਹਨ। ਇੱਕ ਪਾਸੇ ਵਾਤਾਵਰਨ ਨੂੰ ਬਚਾਉਣ ਲਈ ਸਰਕਾਰ ਨਵੇਂ ਰੁੱਖ ਲਗਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਦੂਜੇ ਪਾਸੇ ਹਸਪਤਾਲ ਪਾਰਕ ਵਿੱਚ ਲੱਗੇ ਰੁੱਖਾਂ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਆਗੂਆਂ ਕਿਹਾ ਕਿ ਸਿਵਲ ਸਰਜਨ ਬਰਨਾਲਾ ਇੱਕ ਪਾਸੇ ਪ੍ਰੈੱਸ ਕਾਨਫਰੰਸ ਕਰਕੇ ਕਹਿ ਰਿਹਾ ਹੈ ਕਿ ਲੈਬਾਰਟਰੀ ਵਾਲੀ ਬਿਲਡਿੰਗ ਅਸੁਰੱਖਿਅਤ ਨਹੀਂ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਬਿਲਡਿੰਗ ਦੀ ਛੱਤ ਡਿਗੂੰ ਡਿਗੂੰ ਕਰਦੀ ਹੋਣ ਕਰਕੇ ਲੈਬਾਰਟਰੀ ਸਟਾਫ਼ ਨੂੰ ਸਪੈਸ਼ਲ ਕਮਰੇ ਵਿੱਚ ਬਿਠਾ ਰੱਖਿਆ ਹੈ। ਇਨ੍ਹਾਂ ਸਪੈਸ਼ਲ ਕਮਰਿਆਂ ਨੂੰ ਮਰੀਜ਼ਾਂ ਲਈ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਤਿਆਰ ਕੀਤਾ ਗਿਆ ਹੈ। ਮਰੀਜ਼ ਇੱਕ ਦਿਨ ਦਾ 1000 ਰੁਪਏ ਕਿਰਾਇਆ ਅਦਾ ਕਰਦੇ ਹਨ। ਇਸ ਤਰ੍ਹਾਂ 30,000 ਰੁਪਏ ਹਰ ਮਹੀਨੇ ਸਿਵਲ ਸਰਜਨ ਦੀ ਮਿਲੀ ਭੁਗਤ ਨਾਲ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ ਅਤੇ ਮਰੀਜ਼ਾਂ ਨੂੰ ਕਮਰਿਆਂ ਦੀ ਸਹੂਲਤ ਨਹੀਂ ਮਿਲ ਰਹੀ। ਆਗੂਆਂ ਕਿਹਾ ਸਿਵਲ ਸਰਜਨ ਦਾ ਇਹ ਕਹਿਣਾ ਕਿ ਪਾਰਕ ਦਾ ਕੁੱਝ ਹਿੱਸਾ ਹੀ ਸੁਵਿਧਾ ਕੇਂਦਰ ਲਈ ਲਿਆ ਜਾ ਰਿਹਾ ਹੈ ਪਰ ਅਸਲੀਅਤ ਵਿੱਚ ਪਾਰਕ ਦੇ ਵਿੱਚ 15 ਫੁੱਟ ਉੱਚੀ ਕੰਕਰੀਟ ਦੀ ਉਸਾਰੀ ਹੋਣ ਨਾਲ, ਪਾਰਕ ਨਹੀਂ ਰਹਿ ਜਾਵੇਗਾ। ਅਜਿਹਾ ਕਰਨ ਨਾਲ ਇਸ ਤੋਂ ਵੀ ਵਧੇਰੇ ਮੁਸ਼ਕਲਾਂ ਪੈਦਾ ਕਰੇਗਾ। ਮਰੀਜ਼ਾਂ ਲਈ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਨੂੰ ਬਚਾਉਣ ਅਤੇ ਜਾਂ ਪਾਰਕ ਲਈ ਢੁੱਕਵੀਂ ਥਾਂ ਹਾਸਲ ਕਰਨ ਲਈ ਸੰਘਰਸ਼ ਹੀ ਇੱਕੋ ਇੱਕ ਰਸਤਾ ਹੈ।
ਇਸ ਲਈ ਸਿਵਲ ਹਸਪਤਾਲ ਬਚਾਓ ਕਮੇਟੀ ਦੇ ਆਗੂਆਂ ਰਜਿੰਦਰ ਪਾਲ, ਖੁਸ਼ੀਆ ਸਿੰਘ, ਰਾਜੀਵ ਕੁਮਾਰ, ਗੁਲਵੰਤ ਸਿੰਘ, ਗਗਨ ਸਿੰਘ, ਗੁਰਚਰਨ ਸਿੰਘ, ਜਗਰਾਜ ਸਿੰਘ ਟੱਲੇਵਾਲ, ਮੇਲਾ ਸਿੰਘ ਕੱਟੂ, ਜੋਰਾ ਸਿੰਘ ਖਿਆਲੀ, ਰਮਨ ਸਿੰਗਲਾ, ਪਰਮਜੀਤ ਕੌਰ ਜੋਧਪੁਰ, ਗੁਰਮੇਲ ਸਿੰਘ ਜਵੰਦਾ, ਅੰਮ੍ਰਿਤ ਪਾਲ, ਕਰਮਜੀਤ ਸਿੰਘ ਬਿੱਲੂ, ਗੁਰਪ੍ਰੀਤ ਸਿੰਘ ਰੂੜੇਕੇ, ਜਗਸੀਰ ਸਿੰਘ, ਰਮੇਸ਼ ਹਮਦਰਦ, ਮਿਲਖਾ ਸਿੰਘ , ਹਰਨੇਕ ਸਿੰਘ ਸੰਘੇੜਾ ਆਦਿ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਪ੍ਰਸ਼ਾਸਨ ਇਸ 'ਤੇ ਤੁਰੰਤ ਧਿਆਨ ਦੇਕੇ ਮਰੀਜ਼ਾਂ, ਵਾਰਸਾਂ ਲਈ ਬਣੇ ਇਕੱਲੇ ਪਾਰਕ ਵਿੱਚ ਕੀਤੀ ਜਾ ਰਹੀ ਉਸਾਰੀ ਬੰਦ ਕੀਤੀ ਜਾਵੇ। ਸਿਵਲ ਹਸਪਤਾਲ ਪਾਰਕ ਦਾ ਉਜਾੜਾ ਬੰਦ ਕੀਤਾ ਜਾਵੇ। ਆਗੂਆਂ ਨੇ ਸਮੂਹ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ, ਸ਼ਹਿਰੀ ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਵੀ ਇਸ ਸੰਘਰਸ਼ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ। ਉਪਰੰਤ ਗੱਡਾ ਖ਼ਾਨਾ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ। 31 ਅਗਸਤ ਨੂੰ 2 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਸ਼ਹਿਰੀ ਸੰਸਥਾਵਾਂ ਦੀ ਸਾਂਝੀ ਮੀਟਿੰਗ ਬੁਲਾ ਲਈ ਗਈ ਹੈ ਤਾਂ ਜੋ ਆਏ ਸੁਝਾਵਾਂ ਤੇ ਸਾਂਝੀ ਰਣਨੀਤੀ ਬਣਾਈ ਜਾ ਸਕੇ।