ਬਰਨਾਲਾ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸੀ ਜਾਂ ਆਪ ਦਾ, 13 ਅਗਸਤ ਨੂੰ ਆਵੇਗਾ ਹਾਈ ਕੋਰਟ ਦਾ ਫੈਸਲਾ
- Admin Default
- 08 Aug, 2024 06:09
ਬਰਨਾਲਾ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸੀ ਜਾਂ ਆਪ ਦਾ 13 ਅਗਸਤ ਨੂੰ ਆਵੇਗਾ ਹਾਈ ਕੋਰਟ ਦਾ ਫੈਸਲਾ
ਬਰਨਾਲਾ
ਪਿਛਲੇ 10 ਮਹੀਨਿਆਂ ਤੋਂ ਖਾਲੀ ਪਈ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਤੇ ਕਾਂਗਰਸੀ ਪ੍ਰਧਾਨ ਕਾਬਜ਼ ਹੋਵੇਗਾ ਜਾਂ ਆਮ ਆਦਮੀ ਪਾਰਟੀ ਆਪਣਾ ਪ੍ਰਧਾਨ ਬਿਠਾਏਗੀ। ਇਸ ਦਾ ਫੈਸਲਾ ਹਾਈ ਕੋਰਟ ਵੱਲੋਂ 13 ਅਗਸਤ ਨੂੰ ਕੀਤਾ ਜਾਵੇਗਾ। ਦੱਸ ਦਈਏ ਕਿ ਹਾਈ ਕੋਰਟ ਵਿੱਚ 8 ਅਗਸਤ ਦੀ ਸੁਣਵਾਈ ਸੀ। ਕੋਰਟ ਨੇ ਫੈਸਲਾ ਸੁਰੱਖਿਤ ਰੱਖਿਆ ਹੈ ਅਤੇ 13 ਤਰੀਕ ਨੂੰ ਆਰਡਰ ਆਵੇਗਾ। ਦੱਸ ਦਈਏ ਕਿ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਵਣਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 11 ਅਕਤੂਬਰ ਨੂੰ ਪ੍ਰਧਾਨਗੀ ਤੋਂ ਉਤਾਰ ਦਿੱਤਾ ਸੀ। ਉਹਨਾਂ ਤੇ ਦੋਸ਼ ਸੀ ਕਿ ਉਹਨਾਂ ਨੇ ਆਪਣੇ ਪ੍ਰਧਾਨ ਰਹਿੰਦਿਆਂ ਨਗਰ ਪੰਚਾਇਤ ਹੰਡਾਇਆ ਨੂੰ 10 ਲੱਖ ਰੁਪਏ ਦਾ ਚੈੱਕ ਨਗਰ ਕੌਂਸਲ ਬਰਨਾਲਾ ਦੇ ਖਾਤੇ ਚੋਂ ਜਾਰੀ ਕੀਤਾ ਸੀ। ਸਰਕਾਰ ਵੱਲੋਂ ਕਾਂਗਰਸੀ ਪ੍ਰਧਾਨ ਨੂੰ ਅਹੁਦੇ ਤੋਂ ਲਾਹੁਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਕੌਂਸਲਰ ਰੁਪਿੰਦਰ ਸਿੰਘ ਬੰਟੀ ਨੂੰ ਪ੍ਰਧਾਨ ਬਣਾ ਦਿੱਤਾ ਸੀ। ਜਿਸ ਦਿਨ ਆਮ ਆਦਮੀ ਪਾਰਟੀ ਨੇ ਰੁਪਿੰਦਰ ਸਿੰਘ ਬੰਟੀ ਨੂੰ ਪ੍ਰਧਾਨ ਬਣਾਇਆ ਉਸੇ ਦਿਨ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਨੇ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਸੀ। ਸਵੇਰੇ 11 ਵਜੇ ਪ੍ਰਧਾਨ ਬਣਨ ਤੋਂ ਕੁਝ ਘੰਟਿਆਂ ਬਾਅਦ ਹੀ ਹਾਈ ਕੋਰਟ ਨੇ ਉਸ ਦੀ ਪ੍ਰਧਾਨਗੀ ਤੇ ਰੋਕ ਲਗਾ ਦਿੱਤੀ ਸੀ। ਉਸ ਤੋਂ ਬਾਅਦ ਲਗਾਤਾਰ ਹਾਈਕੋਰਟ ਵਿੱਚ ਤਰੀਕਾਂ ਦਾ ਸਿਲਸਿਲਾ ਜਾਰੀ ਹੈ। ਹੁਣ 13 ਅਗਸਤ ਨੂੰ ਇਸ ਦਾ ਫੈਸਲਾ ਆਉਣਾ ਹੈ ਰਾਜਨੀਤਿਕ ਜਾਣਕਾਰ ਮੰਨਦੇ ਹਨ ਕਿ ਇਸ ਫੈਸਲੇ ਦਾ ਅਸਰ ਆਉਣ ਵਾਲੀਆਂ ਬਰਨਾਲਾ ਦੀਆਂ ਜਿਮਣੀ ਚੋਣਾਂ ਤੇ ਵੀ ਲਾਜ਼ਮੀ ਪਵੇਗਾ।







