'ਵੱਜ ਗਿਆ ਡੰਕਾ, ਰੱਖਤੀ ਮੀਤ ਪ੍ਰਧਾਨ ਦੀ ਚੋਣ ! ਇੰਤਜ਼ਾਰ ਦੀਆਂ ਘੜੀਆਂ ਖ਼ਤਮ, ਲਗਭਗ ਢਾਈ ਸਾਲ ਬਾਅਦ ਨਗਰ ਕੌਂਸਲ ਨੂੰ ਮਿਲੂ ਨਵਾਂ 'ਮੀਤ ਪ੍ਰਧਾਨ ' ਸਰਕਾਰ ਅਤੇ ਵਿਰੋਧੀ ਧੜੇ ਦਰਮਿਆਨ ਆਪੋ ਆਪਣੇ ਉਮੀਦਵਾਰ ਲਈ ਖਿੱਚੋਤਾਣ ਵਧੀ
- Admin Default
- 13 Sep, 2024 06:56
'ਵੱਜ ਗਿਆ ਡੰਕਾ, ਰੱਖਤੀ ਮੀਤ ਪ੍ਰਧਾਨ ਦੀ ਚੋਣ !
ਇੰਤਜ਼ਾਰ ਦੀਆਂ ਘੜੀਆਂ ਖ਼ਤਮ, ਲਗਭਗ ਢਾਈ ਸਾਲ ਬਾਅਦ ਨਗਰ ਕੌਂਸਲ ਨੂੰ ਮਿਲੂ ਨਵਾਂ 'ਮੀਤ ਪ੍ਰਧਾਨ '
ਸਰਕਾਰ ਅਤੇ ਵਿਰੋਧੀ ਧੜੇ ਦਰਮਿਆਨ ਆਪੋ ਆਪਣੇ ਉਮੀਦਵਾਰ ਲਈ ਖਿੱਚੋਤਾਣ ਵਧੀ
ਬਰਨਾਲਾ, 13 ਸਤੰਬਰ (ਜਗਸੀਰ ਸਿੰਘ ਚਹਿਲ)
ਮਾਨਯੋਗ ਹਾਈਕੋਰਟ ਦੀਆਂ ਹਿਦਾਇਤਾਂ ਤੋਂ ਬਾਅਦ ਬੀਤੇ ਕਰੀਬ ਦੋ ਸਾਲ ਖਾਲੀ ਪਈ ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਦੀ ਕੁਰਸੀ ਤੇ ਨਵਾਂ ਮੀਤ ਪ੍ਰਧਾਨ ਬੈਠਾਉਣ ਚੋਣ ਕਨਵੀਨਰ ਬਰਨਾਲਾ ਵਲੋਂ ਏਜੰਟਾਂ ਕੱਢ ਕੇ ਆਉਣ ਵਾਲੀ 17 ਸਤੰਬਰ ਨੂੰ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਮੀਟਿੰਗ ਬੁਲਾਈ ਗਈ ਹੈ। 17 ਸਤੰਬਰ ਨੂੰ ਹੋਣ ਵਾਲੀ ਇਸ ਚੋਣ ਦੌਰਾਨ ਆਪੋ ਆਪਣੇ ਧੜੇ ਦਾ ਮੀਤ ਪ੍ਰਧਾਨ ਚੁਣਨ ਲਈ ਸਤਾਧਾਰੀ ਧਿਰ ਅਤੇ ਵਿਰੋਧੀ ਧਿਰ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਸਤਾਧਾਰੀ ਧਿਰ ਵਲੋਂ ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ ਅਤੇ ਵਿਰੋਧੀ ਧਿਰ ਵੱਲੋਂ ਜਗਜੀਤ ਸਿੰਘ ਜੱਗੂ ਮੋਰ ਨੂੰ ਬਤੌਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਨਗਰ ਕੌਂਸਲ ਦੀ ਮੀਤ ਪ੍ਰਧਾਨਗੀ ਤੇ ਕਾਬਜ਼ ਹੋਣਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਲਈ 'ਮੁੱਛ ਦਾ ਸਵਾਲ ' ਬਣਿਆ ਹੋਇਆ ਹੈ। ਜਿਸ ਤੇ ਚਲਦਿਆਂ ਮੀਤ ਹੇਅਰ ਅਤੇ ਉਹਨਾ ਦੇ ਸਹਿਯੋਗੀਆਂ ਵਲੋਂ ਕੌਂਸਲਰਾਂ ਨੂੰ ਆਪਣੇ ਉਮੀਦਵਾਰ ਜੌਂਟੀ ਮਾਨ ਦੇ ਭਗਤਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਹੈ। ਸਤਾਧਾਰੀ ਧਿਰ ਵਲੋਂ ਕੌਂਸਲਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਜਿੱਥੀ ਸ਼ਹਿਰ ਦੀ ਅਫ਼ਸਰਸ਼ਾਹੀ, ਸ਼ਹਿਰ ਦੇ ਰਸੂਖਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਕੁੱਝ ਧਾਰਮਿਕ ਹਸਤੀਆਂ ਰਾਹੀਂ ਦਬਾਅ ਬਣਾਇਆ ਜਾ ਰਿਹਾ ਹੈ।
ਦੂਜੇ ਪਾਸੇ ਸ਼ਹਿਰ ਦੇ ਕੁੱਲ 31 ਕੌਂਸਲਰਾਂ ਵਿੱਚੋਂ 18 ਕੌਂਸਲਰਾਂ ਦਾ ਸਮਰਥਨ ਲੈ ਕੇ ਮਾਨਯੋਗ ਹਾਈਕੋਰਟ ਰਾਹੀਂ 4 ਹਫ਼ਤਿਆਂ ਦੇ ਅੰਦਰ -ਅੰਦਰ ਚੋਣ ਕਰਵਾਉਣ ਦੇ ਆਰਡਰ ਕਰਵਾਉਣ ਵਾਲੇ ਜੱਗੂ ਮੋਰ ਦੇ ਧੜੇ ਨੇ ਵੀ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ।
ਵਰਣਨਯੋਗ ਹੈ ਕਿ ਮਾਰਚ 2022 ਚ ਨਗਰ ਕੌਂਸਲ ਦੇ ਮੀਤ ਪ੍ਰਧਾਨ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਕੌਂਸਲਰਾਂ ਵਲੋਂ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਲਈ ਲਗਾਤਾਰ ਮੰਗੀ ਕੀਤੀ ਜਾ ਰਹੀ ਸੀ। ਪਰ ਸਤਾ ਚ ਆਮ ਆਦਮੀ ਪਾਰਟੀ ਸਰਕਾਰ ਵਲੋਂ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਲਈ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਅਗਸਤ 2024 ਚ ਮੀਤ ਪ੍ਰਧਾਨ ਦੇ ਉਮੀਦਵਾਰ ਜਗਜੀਤ ਸਿੰਘ ਜੱਗੂ ਮੋਰ ਵਲੋਂ ਆਪਣੇ ਧੜੇ ਦੇ 18 ਕੌਂਸਲਰਾਂ ਦੀ ਸਹਿਮਤੀ ਲੈ ਕੇ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਜਾ ਖੜਕਾਇਆ। ਮਾਨਯੋਗ ਹਾਈਕੋਰਟ ਕਰੀਬ 8 ਅਗਸਤ ਨੂੰ ਜੱਗੂ ਮੋਰ ਦੀ ਅਪੀਲ ਤੇ ਸੁਣਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮਾਂ ਦੀ ਕਾਪੀ ਮਿਲਣ ਤੇ ਆਉਣ ਵਾਲੇ 4 ਹਫ਼ਤਿਆਂ ਚ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਮਾਨਯੋਗ ਹਾਈਕੋਰਟ ਵਲੋਂ ਜਾਰੀ ਹੁਕਮਾ ਦਾ ਕਾਪੀ ਜੱਗੂ ਮੋਰ ਦੇ ਧੜੇ ਦੇ ਕੌਂਸਲਰਾਂ ਵਲੋਂ 13 ਅਗਸਤ ਨੂੰ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫ਼ਸਰ ਦੀ ਗੈਰਮੌਜੂਦਗੀ ਚ ਨਗਰ ਕੌਂਸਲ ਦੇ ਲੇਖਾਕਾਰ ਨੂੰ ਰਸੀਵ ਕਰਵਾਈ ਸੀ। ਨਗਰ ਨੂੰ ਆਰਡਰ ਦੀ ਕਾਪੀ ਰਸੀਵ ਹੋਣ ਤੋਂ ਪੂਰੇ ਇੱਕ ਮਹੀਨੇ ਬਾਅਦ 13 ਸਤੰਬਰ ਨੂੰ ਏਜੰਡਾ ਕੱਢ ਕੇ ਪ੍ਰਸ਼ਾਸਨ ਵੱਲੋਂ 17 ਸਤੰਬਰ ਨੂੰ ਨਗਰ ਦਫ਼ਤਰ ਅੰਦਰ ਸਥਿਤ ਲਾਇਬ੍ਰੇਰੀ ਅੰਦਰ ਮੀਤ ਪ੍ਰਧਾਨ ਦੀ ਚੋਣ ਦਾ ਪ੍ਰੋਗਰਾਮ ਉਲੀਕਿਆ ਹੈ। 17 ਸਤੰਬਰ ਨੂੰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦਾ ਧੜਾ ਜਾਂ ਵਿਰੋਧੀ ਧੜਾ ਨਗਰ ਕੌਂਸਲ ਬਰਨਾਲਾ ਦੀ ਮੀਤ ਪ੍ਰਧਾਨਗੀ ਤੇ ਕਾਬਜ਼ ਹੋਵੇਗਾ, ਇਹ ਤਾਂ ਸਮੇਂ ਦੇ ਗਰਭ ਵਿੱਚ ਹੈ।ਪਰ ਇਸ ਚੋਣ ਨੂੰ ਲੈਕੇ ਕੌਂਸਲਰਾਂ ਦੀ ਪੂਰੀ ਖਿੱਚੋਤਾਣ ਹੋ ਰਹੀ ਹੈ ਅਤੇ ਸਿਰ ਤੇ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੈਂਬਰ ਪਾਰਲੀਮੈਂਟ ਮੀਤ ਹੇਅਰ ਲਈ ਇਹ ਪਰਖ਼ ਦੀ ਘੜ੍ਹੀ ਹੈ।







