ਬਰਨਾਲਾ ਦੇ ਚੋਣ ਇਤਿਹਾਸ ਦਾ ਸਭ ਤੋਂ ਛੋਟਾ ਰੋਡ ਸ਼ੋ ਤੀਸਰੀ ਵਾਰ ਕੱਢਣਗੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ
- Repoter 11
- 03 Nov, 2024 13:45
ਬਰਨਾਲਾ ਦੇ ਚੋਣ ਇਤਿਹਾਸ ਦਾ ਸਭ ਤੋਂ ਛੋਟਾ ਰੋਡ ਸ਼ੋ ਤੀਸਰੀ ਵਾਰ ਕੱਢਣਗੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ
– ਘੱਟ ਮਿਹਨਤ ਵਿੱਚ ਵੱਧ ਇਕੱਠ ਦਿਖਾਏਗੀ ਆਮ ਆਦਮੀ ਪਾਰਟੀ
ਬਰਨਾਲਾ
ਬਰਨਾਲਾ ਦੀ ਚੋਣ ਇਤਿਹਾਸ ਦਾ ਸਭ ਤੋਂ ਛੋਟਾ ਰੋਡ ਸ਼ੋ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਮਵਾਰ ਚਾਰ ਨਵੰਬਰ ਨੂੰ ਤੀਸਰੀ ਵਾਰ ਕੱਢਣ ਜਾ ਰਹੇ ਹਨ। ਆਮ ਆਦਮੀ ਪਾਰਟੀ ਘੱਟ ਮਿਹਨਤ ਵਿੱਚ ਵੱਧ ਇਕੱਠ ਦਿਖਾ ਕੇ ਪ੍ਰਭਾਵ ਜਮਾਉਣ ਦੀ ਤੀਸਰੀ ਵਾਰ ਕੋਸ਼ਿਸ਼ ਕਰੇਗੀ। ਦੱਸ ਦਈਏ ਕਿ ਬਰਨਾਲਾ ਦੇ ਚੋਣ ਇਤਿਹਾਸ ਵਿੱਚ ਕਰੀਬ ਅੱਧੇ ਕਿਲੋਮੀਟਰ ਦਾ ਰੋਡ ਸ਼ੋ, ਜੋ ਕਿ ਰੇਲਵੇ ਸਟੇਸ਼ਨ ਵਾਲੇ ਚੌਂਕ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਦੇ ਚੌਂਕ ਤੱਕ ਸਦਰ ਬਾਜ਼ਾਰ ਵਿੱਚ ਚੱਲੇ ਗਾ, ਆਮ ਆਦਮੀ ਪਾਰਟੀ ਤੀਸਰੀ ਵਾਰ ਕਰਨ ਜਾ ਰਹੀ ਹੈ। ਪਹਿਲੀ ਵਾਰ ਇਹ ਰੋਡ ਸ਼ੋ ਜੂਨ 2022 ਵਿੱਚ ਹੋਈ ਲੋਕ ਸਭਾ ਜਿਮਣੀ ਚੋਣ ਵਿੱਚ ਹੋਇਆ ਸੀ। ਉਸ ਵਕਤ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਸ਼ੋਅ ਵਿੱਚ ਰੋਡ ਸ਼ੋਅ ਵਿੱਚ ਸ਼ਾਮਿਲ ਹੋਏ ਸਨ। ਇਸ ਤੋਂ ਬਾਅਦ ਇਹ ਰੋਡ ਸ਼ੋ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਸਾਲ 2024 ਵਿੱਚ ਹੀ ਹੋਇਆ ਸੀ ਅਤੇ ਹੁਣ ਇੱਕ ਵਾਰੀ ਫੇਰ ਵਿਧਾਨ ਸਭਾ ਚੋਣਾਂ ਵਿੱਚ ਇਹ ਰੋਡ ਸ਼ੋ ਹੋਣ ਜਾ ਰਿਹਾ ਹੈ।
– ਚਾਰੇ ਪਾਸਿਓਂ ਇਕੱਠੇ ਹੋਏ ਵਰਕਰ ਬਰਨਾਲੇ ਦੇ ਸਦਰ ਬਾਜ਼ਾਰ ਵਿੱਚ ਪਹੁੰਚਦੇ ਹਨ, ਅਤੇ ਡਰੋਨ ਰਾਹੀਂ ਲਈ ਜਾਂਦੀ ਹੈ ਵੱਡੀ ਤਸਵੀਰ
ਇਹ ਤਸਵੀਰ ਕੱਲ ਵੀ ਦੇਖਣ ਨੂੰ ਮਿਲੇਗੀ
ਦੱਸ ਦਈਏ ਕਿ ਬਰਨਾਲੇ ਦੇ ਇਤਿਹਾਸ ਵਿੱਚ ਪਹਿਲਾਂ ਰਾਜਨੀਤਿਕ ਪਾਰਟੀਆਂ ਰੋਡ ਸ਼ੋ ਅਨਾਜ ਮੰਡੀ ਬਰਨਾਲਾ ਤੋਂ ਸ਼ੁਰੂ ਕਰਕੇ ਬੱਸ ਸਟੈਂਡ ਰੋਡ, ਸਦਰ ਬਾਜ਼ਾਰ, ਪੱਕਾ ਕਾਲਜ ਰੋਡ ਹੰਡਿਆਏ ਤੱਕ ਜਾਂ ਫਿਰ ਕਚਹਿਰੀ ਚੌਂਕ ਤੋਂ ਸ਼ੁਰੂ ਕਰਕੇ ਪੱਕਾ ਕਾਲਜ ਰੋਡ ਸਦਰ ਬਾਜ਼ਾਰ ਸੰਘੇੜਾ ਤੱਕ ਜਾਂ ਫਿਰ ਟੀ. ਪੁਆਇੰਟ ਤੋਂ ਤੋਂ ਸ਼ੁਰੂ ਕਰਕੇ ਕਚਹਿਰੀ ਚੌਂਕ, ਪੱਕਾ ਕਾਲਜ ਰੋਡ, ਕੱਚਾ ਕਾਲਜ ਰੋਡ, ਬੱਸ ਸਟੈਂਡ ਰੋਡ ਅਤੇ ਪਿੰਡਾਂ ਤੱਕ ਇਸ ਤਰਾਂ ਇਹ ਰੋਡ ਸ਼ੋ ਕੱਢੇ ਜਾਂਦੇ ਸਨ। ਇਸ ਰੋਡ ਸ਼ੋਅ ਵਿੱਚ ਸੈਂਕੜੇ ਗੱਡੀਆਂ ਅਤੇ ਕਈ ਕਿਲੋਮੀਟਰ ਦੀ ਯਾਤਰਾ ਹੁੰਦੀ ਹੈ। ਲੇਕਿਨ ਆਮ ਆਦਮੀ ਪਾਰਟੀ ਦੇ ਥਿੰਕ ਟੈਂਕਾਂ ਵੱਲੋਂ ਕੱਢੇ ਗਏ ਫਾਰਮੂਲੇ ਵਿੱਚ ਮਿਹਨਤ ਵੀ ਘੱਟ ਹੁੰਦੀ ਹੈ ਅਤੇ ਇਕੱਠ ਵੀ ਵੱਡਾ ਦਿਖਦਾ ਹੈ।
– ਆਸੇ ਪਾਸੇ ਦੇ ਸਾਰੇ ਇਲਾਕਿਆਂ ਤੋਂ ਵੱਡੀ ਸੰਖਿਆ ਵਿੱਚ ਵਰਕਰਾਂ ਨੂੰ ਬੁਲਾ ਕੇ ਸਦਰ ਬਾਜ਼ਾਰ ਵਿੱਚ ਇਕੱਠਾ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਸਦਰ ਬਾਜ਼ਾਰ ਦੇ ਏਰੀਆ ਵਿੱਚ ਤਿਲ ਸੁੱਟਣ ਨੂੰ ਜਗ੍ਹਾ ਵੀ ਨਹੀਂ ਮਿਲਦੀ। ਮੁੱਖ ਮੰਤਰੀ ਭਗਵੰਤ ਮਾਨ ਸਦਰ ਬਾਜ਼ਾਰ ਦੇ ਇੱਕ ਨੁੱਕਰ ਤੋਂ ਓਪਨ ਗੱਡੀ ਵਿੱਚ ਸਵਾਰ ਹੋ ਕੇ ਸਦਰ ਬਾਜ਼ਾਰ ਦੇ ਦੂਸਰੀ ਨੁੱਕਰ ਸ਼ਹੀਦ ਭਗਤ ਸਿੰਘ ਦੇ ਚੌਂਕ ਤੱਕ ਕਰੀਬ ਅੱਧਾ ਕਿਲੋਮੀਟਰ ਚਲਦੇ ਹਨ। ਇਸ ਦੌਰਾਨ ਸਕਿਉਰਟੀ ਸਮੇਤ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਖੜੇ ਹੁੰਦੇ ਹਨ ਅਤੇ ਇੱਕ ਵੱਡਾ ਹਜੂਮ ਦੇਖਣ ਨੂੰ ਮਿਲਦਾ ਹੈ। ਜਿਸ ਨਾਲ ਇਸ ਤਰ੍ਹਾਂ ਦਾ ਇਹ ਸਫਲ ਫਾਰਮੂਲਾ ਇਸ ਵਾਰ ਫਿਰ ਵਰਤਿਆ ਜਾ ਰਿਹਾ ਹੈ।