:

ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ ਬਰਨਾਲਾ ਵਿਖੇ "ਇਨਸਾਫ ਰੈਲੀ " ਕੀਤੀ


ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ   ਬਰਨਾਲਾ ਵਿਖੇ "ਇਨਸਾਫ ਰੈਲੀ " ਕੀਤੀ :
 ਸਰਕਾਰ ਨੇ ਗੈਸਟ ਪ੍ਰੋਫੈਸਰਾਂ ਦੀ ਨੌਕਰੀ ਸੁਰੱਖਿਤ ਕਰਨ ਦੀ ਨੀਤੀ ਜਲਦ ਨਾ ਬਣਾਈ ਤਾਂ ਕਰਾਂਗੇ ਤਿੱਖਾ ਸੰਘਰਸ਼ ; ਫਰੰਟ ਆਗੂ

Barnala

ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਵਲੋਂ ਆਪਣੀ ਨੌਕਰੀ ਸੁਰੱਖਿਤ ਕਰਨ  ਸਬੰਧੀ ਠੋਸ ਨੀਤੀ ਬਣਾਉਣ ਦੀ ਮੰਗ ਨੂੰ ਲੈ ਕੇ  ਬਰਨਾਲਾ ਵਿਖੇ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੀ ਅਗਵਾਈ ਵਿੱਚ "ਇਨਸਾਫ ਰੈਲੀ" ਕੀਤੀ ਗਈ। ਫਰੰਟ ਆਗੂ ਡਾਕਟਰ ਰਵਿੰਦਰ ਸਿੰਘ, ਪ੍ਰੋਫੈਸਰ ਗੁਰਸੇਵ ਸਿੰਘ, ਪ੍ਰੋਫੈਸਰ ਗੁਰਜੀਤ ਸਿੰਘ, ਪ੍ਰੋਫੈਸਰ ਅਰਮਿੰਦਰ ਸਿੰਘ, ਡਾਕਟਰ ਹੁਕਮ ਚੰਦ, ਡਾਕਟਰ ਧਰਮਜੀਤ ਸਿੰਘ, ਡਾਕਟਰ ਪਰਮਜੀਤ ਸਿੰਘ ਡਾਕਟਰ ਗੁਲਸ਼ਨਦੀਪ ਦਾਨੀਆ , ਡਾਕਟਰ ਬਲਕਰਨ ਸਿੰਘ ,ਪ੍ਰੋਫੈਸਰ ਕੁਲਦੀਪ ਸਿੰਘ ਢਿੱਲੋਂ, ਪ੍ਰੋਫੈਸਰ ਚਮਕੌਰ ਸਿੰਘ, ਪ੍ਰੋਫੈਸਰ ਪਰਮਜੀਤ ਕੌਰ ਸਿੱਧੂ ,ਪ੍ਰੋਫੈਸਰ ਮੁਹੰਮਦ ਤਨਵੀਰ ,ਪ੍ਰੋਫੈਸਰ ਪੁਸ਼ਪਿੰਦਰ ਸਿੰਘ, ਸਲਾਹਕਾਰ ਡਾਕਟਰ ਅਵਤਾਰ ਸਿੰਘ , ਪ੍ਰੋਫੈਸਰ ਪ੍ਰਦੀਪ ਸਿੰਘ, ਪ੍ਰੋਫੈਸਰ ਦੀਪਕ ਕੌਸ਼ਲ, ਪ੍ਰੋਫੈਸਰ ਪਵਿੱਤਰ ਸਿੰਘ ਤੇ ਪ੍ਰੋਫੈਸਰ ਰਣਜੀਤ ਸਿੰਘ ਨੇ ਦੱਸਿਆ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਉਹਨਾਂ ਦੀਆਂ ਕਈ ਇਕੱਤਰਤਾਵਾਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਵੀ ਉਹ ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਨੀਤੀ ਬਣਾਉਣ ਸਬੰਧੀ  ਲਾਰੇ ਲਾ ਰਹੇ ਹਨ  ਜਿਸ ਕਾਰਨ ਸਰਕਾਰੀ ਕਾਲਜਾਂ ਦੇ ਗੈਸਟ ਪ੍ਰੋਫੈਸਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ । ਦੂਜੇ ਪਾਸੇ ਸਿਤਮ ਜਰੀਫੀ ਇਹ ਵੀ ਹੈ ਕਿ ਉਚੇਰੀ ਸਿੱਖਿਆ  ਵਿਭਾਗ ਵੱਲੋਂ ਕੋਈ ਨੀਤੀ ਬਨਾਉਣ ਦੀ ਬਜਾਏ ਆਏ ਦਿਨ ਕੋਈ ਨਾ ਕੋਈ ਨਵਾਂ ਪੱਤਰ ਜਾਰੀ ਕਰਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਲਈ ਖਤਰਾ ਖੜਾ ਕੀਤਾ ਜਾ ਰਿਹਾ ਹੈ, ਤੇ ਕਈ ਪ੍ਰੋਫੈਸਰਾਂ ਦੀਆਂ ਤਨਖਾਹਾਂ ਰੋਕੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਇਹਨਾਂ ਜਾਰੀ ਹੋਣ ਵਾਲੇ ਪੱਤਰਾਂ ਨਾਲ ਉਹਨਾਂ ਨੂੰ ਆਪਣੀ ਨੌਕਰੀ ਖਤਰੇ ਵਿੱਚ ਲੱਗ ਰਹੀ ਹੈ । ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ ਨੂੰ ਨੌਕਰੀ ਚੋਂ ਕੱਢਿਆ ਗਿਆ ਤਾਂ ਉਹ ਪਰਿਵਾਰਾਂ ਸਮੇਤ ਸੜਕਾਂ ਤੇ  ਰੁਲਣਗੇ। ਉਹਨਾਂ ਕਿਹਾ ਕਿ ਸਰਕਾਰ ਬਣਾਉਣ ਸਮੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ,ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ , ਮੁੱਖ ਮੰਤਰੀ ਭਗਵੰਤ  ਮਾਨ ਤੇ ਹੋਰ ਆਗੂ ਸਾਡੇ ਧਰਨਿਆਂ ਵਿੱਚ ਆ ਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਪੱਕਾ ਕਰਨ ਦੇ ਵਾਅਦੇ ਕਰਦੇ ਰਹੇ ਹਨ ਪਰ ਹੁਣ ਇਹ ਸਾਡੇ ਨਾਲ ਧੱਕੇਸ਼ਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਫਿਰ ਜਿਮਨੀ ਚੋਣਾਂ ਵਿੱਚ ਜਾ ਕੇ ਸਟੇਜਾਂ ਤੇ ਕਹਿ ਰਹੇ ਹਨ ਕਿ ਅਸੀਂ ਕਿਸੇ ਦੇ ਘਰ ਦਾ ਚੁੱਲਾ ਬੁੱਝਣ ਨਹੀਂ ਦਿਆਂਗੇ  , ਜਦ ਕਿ ਹਕੀਕਤ ਇਹ ਹੈ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰੀ ਕਾਲਜਾਂ ਵਿੱਚ ਸਾਡੀਆਂ ਸੇਵਾਵਾਂ ਨਿਯਮਤ ਕਰਨ ਸਬੰਧੀ ਜਲਦ ਨੀਤੀ ਨਾ ਬਣਾਈ ਗਈ ਤਾਂ  ਉਹ ਕਿਸਾਨ ,ਮਜਦੂਰ ਜਥੇਬੰਦੀਆਂ ,ਵਿਦਿਆਰਥੀ  ਯੂਨੀਅਨ ਤੇ ਹੋਰ ਭਰਾਤਰੀ ਸਭਾਵਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਆਰੰਭ ਕਰਨਗੇ । ਇਸ ਮੌਕੇ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।