ਬੇਰੁਜ਼ਗਾਰ ਸਾਂਝਾ ਮੋਰਚਾ ਜ਼ਿਮਨੀ ਚੋਣ ਵਿੱਚ ਕਰੇਗਾ ਰੋਸ ਪ੍ਰਦਰਸ਼ਨ ਸਿੱਖਿਆ ਅਤੇ ਸਿਹਤ ਵਿੱਚ ਸਰਕਾਰ ਨੇ ਇੱਕ ਵੀ ਅਸਾਮੀ ਨਹੀਂ ਭਰੀ - ਮੋਰਚਾ
- Repoter 11
- 15 Nov, 2024 06:16
ਬੇਰੁਜ਼ਗਾਰ ਸਾਂਝਾ ਮੋਰਚਾ ਜ਼ਿਮਨੀ ਚੋਣ ਵਿੱਚ ਕਰੇਗਾ ਰੋਸ ਪ੍ਰਦਰਸ਼ਨ
ਸਿੱਖਿਆ ਅਤੇ ਸਿਹਤ ਵਿੱਚ ਸਰਕਾਰ ਨੇ ਇੱਕ ਵੀ ਅਸਾਮੀ ਨਹੀਂ ਭਰੀ - ਮੋਰਚਾ
ਬਰਨਾਲਾ
ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਆ ਰਹੇ ਵੱਖ ਵੱਖ ਸ਼੍ਰੇਣੀਆਂ ਦੇ ਬੇਰੁਜ਼ਗਾਰਾਂ ਉਪਰ ਅਧਾਰਿਤ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ 16 ਨਵੰਬਰ ਨੂੰ ਸਥਾਨਕ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੇਰੁਜ਼ਗਾਰਾਂ ਪ੍ਰਤੀ ਬੇਰੁਖੀ ਖਿਲਾਫ ਰੋਸ ਪ੍ਰਦਰਸ਼ਨ ਕਰੇਗਾ।
ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ,ਜਗਸੀਰ ਜਲੂਰ,ਹਰਜਿੰਦਰ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਪੰਜ ਬੇਰੁਜ਼ਗਾਰ ਜਥੇਬੰਦੀਆਂ ਸਾਂਝੇ ਤੌਰ ਉੱਤੇ ਪਿਛਲੇ 32 ਮਹੀਨੇ ਤੋ ਸੂਬਾ ਸਰਕਾਰ ਪਾਸੋ ਰੁਜ਼ਗਾਰ ਦੀ ਮੰਗ ਕਰ ਰਿਹਾ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਮੌਕੇ ਵਾਅਦੇ ਕੀਤੇ ਸਨ ਕਿ ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਬਣਾਇਆ ਜਾਵੇਗਾ,ਹਰੇਕ ਸਾਲ ਭਰਤੀ ਹੋਵੇਗੀ,ਸਿੱਖਿਆ ਅਤੇ ਸਿਹਤ ਨੂੰ ਵਿਸ਼ੇਸ ਤਰਜੀਹ ਦਿੱਤੀ ਜਾਵੇਗੀ,ਮਾਸਟਰ ਕੇਡਰ ਵਿੱਚ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਉੱਤੇ ਭਰਤੀ ਹੋਵੇਗੀ। ਮਾਂ ਬੋਲੀ ਪੰਜਾਬੀ ਨੂੰ ਵਿਸ਼ੇਸ਼ ਸਤਿਕਾਰ ਦਿੱਤਾ ਜਾਵੇਗਾ।ਭਰਤੀ ਹੋਣ ਤੋ ਉਮਰ ਹੱਦ ਲੰਘਾ ਚੁੱਕੇ ਬੇਰੁਜ਼ਗਾਰਾਂ ਨੂੰ ਮੌਕੇ ਦਿੱਤੇ ਜਾਣਗੇ,ਕਿਸੇ ਬੇਰੁਜ਼ਗਾਰ ਨੂੰ ਟੈਂਕੀ ਉੱਤੇ ਨਹੀਂ ਚੜਨਾ ਪਵੇਗਾ।ਕਿਸੇ ਬੇਰੁਜ਼ਗਾਰ ਨੌਜਵਾਨ ਦੀ ਪੱਗ ਅਤੇ ਕਿਸੇ ਲੜਕੀ ਦੀ ਚੁੰਨੀ ਨਹੀਂ ਰੁਲੇਗੀ।
ਪ੍ਰੰਤੂ ਕਰੀਬ 32 ਮਹੀਨੇ ਵਿੱਚ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਅਤੇ ਅਨੇਕਾਂ ਵਾਰ ਵਾਅਦੇ ਕਰਨ ਦੇ ਬਾਵਜੂਦ ਨਾ ਹੀ ਅੱਜ ਤੱਕ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਬੇਰੁਜ਼ਗਾਰ ਨਾਲ ਖੁਦ ਪੈਨਲ ਮੀਟਿੰਗ ਕੀਤੀ ਹੈ।
ਇਸਤੋਂ ਸਰਕਾਰ ਦਾ ਰੁਜ਼ਗਾਰ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਇਸੇ ਤਹਿਤ ਹੀ ਸਥਾਨਕ ਵੋਟਰਾਂ ਦੀ ਕਚਹਿਰੀ ਵਿੱਚ ਚੋਣ ਵਾਅਦੇ ਜਿਹੜੇ ਕਿ ਲਾਰੇ ਬਣ ਚੁੱਕੇ ਹਨ,ਰੱਖਣ ਲਈ ਬੇਰੁਜ਼ਗਾਰ ਰੋਸ ਮਾਰਚ ਕਰਨਗੇ।
ਇਸ ਮੌਕੇ ਉਹਨਾਂ ਦੱਸਿਆ ਕੀ ਮੋਰਚੇ ਦੇ ਆਗੂਆਂ ਰਮਨ ਕੁਮਾਰ ਮਲੋਟ,ਜਸਵੰਤ ਘੁਬਾਇਆ ਆਦਿ ਦੀ ਅਗਵਾਈ ਵਿੱਚ ਮੋਰਚਾ ਉਮਰ ਹੱਦ ਛੋਟ, ਮਾਸਟਰ ਕੇਡਰ ਦੀ ਬੇਰੁਜ਼ਗਾਰਾਂ ਉਪਰ ਥੋਪੀ ਬੇਤੁਕੀ ਸ਼ਰਤ 55 ਪ੍ਰਤੀਸ਼ਤ(ਗ੍ਰੈਜੂਏਸ਼ਨ ਵਿੱਚੋ ਘੱਟੋ ਘੱਟ ਅੰਕ ਸ਼ਰਤ) ਨੂੰ ਰੱਦ ਕਰਵਾਉਣ, ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਕਰਵਾਉਣ,ਮਲਟੀ ਪਰਪਜ਼ ਹੈਲਥ ਵਰਕਰਾਂ ਦੀ ਭਰਤੀ ਅਤੇ ਉਮਰ ਹੱਦ ਛੋਟ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦਾ ਆ ਰਿਹਾ ਹੈ।
ਮੰਗਾਂ -
1 - ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
2 - ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਸ਼ਰਤ ਰੱਦ ਕੀਤੀ ਜਾਵੇ।
3 - ਸਿਹਤ ਅਤੇ ਸਿੱਖਿਆ ਵਿਭਾਗ ਸਮੇਤ ਸਾਰੇ ਵਿਭਾਗਾਂ ਵਿੱਚ ਆਉਂਦੀਆਂ ਭਰਤੀਆਂ ਵਿੱਚ ਉਮਰ ਹੱਦ ਦੀ ਛੋਟ ਦੇ ਕੇ ਸਾਰੇ ਓਵਰ ਏਜ਼ ਬੇਰੁਜ਼ਗਾਰਾਂ ਨੂੰ ਇੱਕ ਮੌਕਾ ਦਿੱਤਾ ਜਾਵੇ।ਭਰਤੀਆਂ ਵਿੱਚ ਉਮਰ ਹੱਦ ਦੀ ਉਪਰਲੀ ਉਮਰ ਸੀਮਾ 37 ਤੋ 42 ਸਾਲ ਅਤੇ 42 ਤੋ 47 ਸਾਲ ਕੀਤੀ ਜਾਵੇ।
4- ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
5-ਉਮਰ ਹੱਦ ਵਿੱਚ ਛੋਟ ਦੇ ਕੇ ਪ੍ਰਾਇਮਰੀ ਸਕੂਲਾਂ ਵਿੱਚ 2000 ਡਰਾਇੰਗ ਟੀਚਰ ਭਰਤੀ ਕੀਤੇ ਜਾਣ।
6- ਲੈਕਚਰਾਰ ਦੀਆਂ ਰੱਦ ਕੀਤੀਆਂ ਅਸਾਮੀਆਂ ਵਿੱਚ ਬਾਕੀ ਹੋਰ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਐਡ ਕਰਕੇ , ਸਾਰੇ ਵਿਸ਼ਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਉਮਰ ਹੱਦ ਛੋਟ ਦਿੱਤੀ ਜਾਵੇ। ਕੰਬੀਨੇਸ਼ਨ ਦਰੁਸਤ ਕੀਤੇ ਜਾਣ।
7- ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਜਾਰੀ ਕੀਤਾ ਜਾਵੇ।
8 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਮ੍ਰਿਤਕ ਆਸ਼ਰਿਤਾਂ ਨੂੰ ਬਿਨਾ ਸ਼ਰਤ ਰੁਜ਼ਗਾਰ ਦਿੱਤਾ ਜਾਵੇ।