:

ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ‘ਆਪ’ ਆਗੂ ਜਗਦੀਸ਼ ਰਾਮ ਦੀਸ਼ਾ ਕਾਂਗਰਸ ’ਚ ਸ਼ਾਮਲ - ਕਾਂਗਰਸ ਪਾਰਟੀ ਦੀ ਬਰਨਾਲਾ ਹਲਕੇ ’ਚ ਚੱਲ ਰਹੀ ਹੈ ਹਨੇਰੀ : ਕਾਲਾ ਢਿੱਲੋਂ


ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ‘ਆਪ’ ਆਗੂ ਜਗਦੀਸ਼ ਰਾਮ ਦੀਸ਼ਾ ਕਾਂਗਰਸ ’ਚ ਸ਼ਾਮਲ
- ਕਾਂਗਰਸ ਪਾਰਟੀ ਦੀ ਬਰਨਾਲਾ ਹਲਕੇ ’ਚ ਚੱਲ ਰਹੀ ਹੈ ਹਨੇਰੀ : ਕਾਲਾ ਢਿੱਲੋਂ


ਬਰਨਾਲਾ

 ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਮੌਕੇ ਕਾਂਗਰਸ ਪਾਰਟੀ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਆਗੂ ਹੋਰਨਾਂ ਪਾਰਟੀਆਂ ਛੱਡ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਕਾਂਗਰਸ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਹੰਡਿਆਇਆ ਤੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਸੀਨੀਅਰ ਆਗੂ ਜਗਦੀਸ਼ ਰਾਮ ਦੀਸ਼ਾ ਆਪਣੇ ਸਾਥੀਆਂ ਸਮੇਤ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਮੌਜੂਦਗੀ ’ਚ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ। ਸਿੰਗਲਾ ਵਲੋਂ ਸਮੂਹ ਸਾਥੀਆਂ ਦਾ ਪਾਰਟੀ ’ਚ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਬਰਨਾਲਾ ਹਲਕੇ ’ਚ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਲੋਕਪ੍ਰਿਯਤਾ ਦਾ ਇਸ ਗੱਲ ਤੋਂ ਸਹਿਜ਼ੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਆਪ ਮੁਹਾਰੇ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਕਾਲੇ ਢਿੱਲੋਂ ਦੀ ਨਹੀਂ, ਬਲਿਕ ਹਲਕੇ ਦੇ ਲੋਕਾਂ ਦੀ ਆਪਣੀ ਚੋਣ ਹੈ। ਸੰਬੋਧਨ ਦੌਰਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ ਹਲਕੇ ’ਚ ਕਾਂਗਰਸ ਦੀ ਹਨੇਰੀ ਚੱਲ ਰਹੀ ਹੈ ਤੇ ਲੋਕ ਕਾਂਗਰਸ ਸਰਕਾਰ ਦੇ ਸ਼ਾਸਨ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੇ ਨਾਮ ’ਤੇ ਲੋਕਾਂ ਨਾਲ ਜੋ ਧੋਖਾ ਕੀਤਾ ਹੈ, ਉਸ ਤੋਂ ਲੋਕ ਭਲੀਭਾਂਤ ਜਾਣੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਨਾਲ ਸੱਤਾਧਾਰੀ ਧਿਰ ਵਲੋਂ ਕੀਤੀਆਂ ਧੱਕੇਸ਼ਾਹੀਆਂ ਜੱਗ ਜ਼ਾਹਰ ਹਨ, ਜਿੰਨ੍ਹਾਂ ਦਾ ਜਵਾਬ ਦੇਣ ਲਈ ਲੋਕ ਤਿਆਰ-ਬਰ-ਤਿਆਰ ਬੈਠੇ ਹਨ। ਕਾਲਾ ਢਿੱਲੋਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਵੱਡੇ-ਵੱਡੇ ਬੋਰਡ ਲਗਾ ਕੇ ਆਪਣੀ ਮਸ਼ਹੂਰੀ ਕਰਨ ਨੂੰ ਹੀ ਤਵੱਜ਼ੋ ਦਿੱਤੀ ਜਾ ਰਹੀ ਹੈ, ਜਦਕਿ ਇਸ ਸਰਕਾਰ ਨੇ ਲੋਕਾਂ ਦਾ ਕੱਖ ਨਹੀਂ ਸੰਵਾਰਿਆ। ਇਸ ਮੌਕੇ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਜਗਦੀਸ਼ ਰਾਮ ਦੀਸ਼ਾ ਨੇ ਕਿਹਾ ਕਿ ਉਹ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਤੇ ਕਾਲਾ ਢਿੱਲੋਂ ਦੀ ਜਿੱਤ ਯਕੀਨੀ ਬਣਾਉਣ ’ਚ ਕੋਈ ਬਾਕੀ ਨਹੀਂ ਛੱਡਣਗੇ।